Breaking News
Home / ਭਾਰਤ / ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਰੈਲੀ ‘ਚੋਂ ਰਹੇ ਗੈਰਹਾਜ਼ਰ

ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਰੈਲੀ ‘ਚੋਂ ਰਹੇ ਗੈਰਹਾਜ਼ਰ

ਚੰਡੀਗੜ੍ਹ : ਕਾਂਗਰਸ ਦੀ ਦਿੱਲੀ ਵਿਚ ਹੋਈ ‘ਭਾਰਤ ਬਚਾਓ ਰੈਲੀ’ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਿਰਕਤ ਨਾ ਕਰਨ ਦੀ ਚਰਚਾ ਹੁੰਦੀ ਰਹੀ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਚੰਡੀਗੜ੍ਹ ਤੋਂ ਉਡਾਨ ਨਹੀਂ ਭਰ ਸਕਿਆ ਤੇ ਇਸ ਕਰ ਕੇ ਉਹ ਰੈਲੀ ਵਿਚ ਪਹੁੰਚ ਨਹੀਂ ਸਕੇ। ਹਾਲਾਂਕਿ ਕਾਂਗਰਸ ਦੀ ਸੱਤਾ ਵਾਲੇ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਰੈਲੀ ਵਿਚ ਸ਼ਿਰਕਤ ਕਰਨ ਲਈ ਇਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਏ ਸਨ। ਰੈਲੀ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਨਹੀਂ ਪਹੁੰਚੇ। ਇਸ ਕਰ ਕੇ ਕਾਂਗਰਸੀ ਹਲਕਿਆਂ ਵਿਚ ਦੋਵਾਂ ਦੇ ਰੈਲੀ ‘ਚ ਨਾ ਪੁੱਜਣ ਦੀ ਚਰਚਾ ਹੁੰਦੀ ਰਹੀ। ਦੋਵਾਂ ਆਗੂਆਂ ਦੇ ਰੈਲੀ ਵਿਚ ਨਾ ਪਹੁੰਚਣ ਦਾ ਕਾਂਗਰਸ ਹਾਈ ਕਮਾਂਡ ਕੋਈ ਨੋਟਿਸ ਲਵੇਗੀ ਜਾਂ ਨਹੀਂ, ਇਸ ਬਾਰੇ ਵੀ ਚੁੰਝ ਚਰਚਾ ਹੋਈ। ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੁਝਾਅ ਦਿੱਤਾ ਹੈ ਕਿ ਪੰਜਾਬ ਵਿਚ ਤਿੰਨ ਉੱਪ ਮੁੱਖ ਮੰਤਰੀ ਬਣਾ ਦੇਣੇ ਚਾਹੀਦੇ ਹਨ ਤਾਂ ਕਿ ਸਬੰਧਤ ਧਿਰਾਂ ਨੂੰ ਪੂਰੀ ਨੁਮਾਇੰਦਗੀ ਮਿਲ ਸਕੇ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਤੇ ਹਿੰਦੂ ਭਾਈਚਾਰੇ ‘ਚੋਂ ਇਕ-ਇਕ ਆਗੂ ਨੂੰ ਉਪ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਵਜ਼ਾਰਤ ਤੋਂ ਬਾਹਰ ਹੋਏ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਤਿੰਨ ਉੱਪ ਮੁੱਖ ਮੰਤਰੀ ਬਣਾਉਣ ਨਾਲ ਸਾਰੀਆਂ ਧਿਰਾਂ ਦੀ ਨਾਰਾਜ਼ਗੀ ਦੂਰ ਹੋ ਜਾਵੇਗੀ। ਉਨ੍ਹਾਂ ਕੈਬਨਿਟ ਵਿਚ ਫੇਰਬਦਲ ਦਾ ਵੀ ਜ਼ਿਕਰ ਕੀਤਾ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …