ਦਿੱਲੀ ‘ਚ ਹੋਈ ਕਾਂਗਰਸ ਦੀ ਭਾਰਤ ਬਚਾਓ ਰੈਲੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਪਾਰਟੀ ਦੀ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦੀ ‘ਰੂਹ ਨੂੰ ਤਾਰ-ਤਾਰ’ ਕਰ ਦੇਵੇਗਾ। ਨਵੇਂ ਬਣੇ ਇਸ ਕਾਨੂੰਨ ਦੇ ਪੱਖ ਤੋਂ ‘ਮੋਦੀ-ਸ਼ਾਹ’ ਸਰਕਾਰ ‘ਤੇ ਤਿੱਖਾ ਹੱਲਾ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਇੱਕੋ-ਇਕ ਏਜੰਡਾ ਆਪਣੇ ਸਿਆਸੀ ਹਿੱਤ ਪੂਰਨ ਲਈ ਲੋਕਾਂ ਨੂੰ ਲੜਾਉਣਾ ਹੈ ਤਾਂ ਕਿ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ। ਸੋਨੀਆ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਨਿਆਂ ਖਿਲਾਫ ਆਪਣੇ ਸੰਘਰਸ਼ ਤੋਂ ਕਿਸੇ ਵੀ ਸੂਰਤ ‘ਚ ਪਿੱਛੇ ਨਹੀਂ ਹਟੇਗੀ। ਕਾਂਗਰਸ ਪ੍ਰਧਾਨ ਨੇ ਨਿੱਘਰਦੀ ਆਰਥਿਕਤਾ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਲੋਕਾਂ ਨੂੰ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਖ਼ਾਤਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਸੋਨੀਆ ਨੇ ਕਿਹਾ ਕਿ ਪਾਰਟੀ ਪਿੱਛੇ ਨਹੀਂ ਹਟੇਗੀ ਤੇ ਆਖ਼ਰੀ ਸਾਹ ਤੱਕ ਸੰਘਰਸ਼ ਕਰੇਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁਲਕ, ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਪਾਰਟੀ ਆਪਣਾ ਫ਼ਰਜ਼ ਅਦਾ ਕਰੇਗੀ। ਸੋਨੀਆ ਨੇ ਹਿੰਦੀ ਵਿਚ ਭਾਸ਼ਨ ਦਿੰਦਿਆਂ ਕਿਹਾ ‘ਅੰਧੇਰ ਨਗਰੀ ਚੌਪਟ ਰਾਜਾ ਵਾਲਾ ਮਾਹੌਲ ਹੈ, ਕਹਾਂ ਹੈ ਸਬਕਾ ਸਾਥ ਸਬਕਾ ਵਿਕਾਸ।’ ਆਰਥਿਕ ਸਥਿਤੀ ਨਾਲ ਨਜਿੱਠਣ ਦੀ ਸਰਕਾਰ ਦੀ ਨੀਤੀ ‘ਤੇ ਸਵਾਲ ਉਠਾਉਂਦਿਆਂ ਸੋਨੀਆ ਨੇ ਕਿਹਾ ਕਿ ਨੌਕਰੀਆਂ ਤੇ ਆਰਥਿਕਤਾ ਨੂੰ ਕੀ ਹੋ ਗਿਆ ਹੈ?
ਕਾਂਗਰਸ ਆਗੂ ਨੇ ਭਾਸ਼ਨ ‘ਚ ਮਹਿਲਾਵਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਇਨ੍ਹਾਂ ਵਰਗਾਂ ਦੇ ਹੱਕਾਂ ਦੀ ਰਾਖ਼ੀ ਲਈ ਸੰਘਰਸ਼ ਕਰਨ ਲਈ ਕਿਹਾ। ਸੋਨੀਆ ਨੇ ਕਿਹਾ ‘ਸਭ ਤੋਂ ਵੱਡਾ ਪਾਪ ਅਨਿਆਂ ਸਹਿਣਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਮੋਦੀ-ਸ਼ਾਹ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਕੇ ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਲੋਕਤੰਤਰ ਦੀ ਰਾਖ਼ੀ ਲਈ ਅਸੀਂ ਕਿਸੇ ਵੀ ਤਿਆਗ ਲਈ ਤਿਆਰ ਹਾਂ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਕਾਨੂੰਨ ਲੰਮੇ ਸਮੇਂ ਤੋਂ ਭਾਜਪਾ ਦੇ ਏਜੰਡੇ ਦਾ ਹਿੱਸਾ ਸੀ, ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਦੇ ਕੀ ਸਿੱਟੇ ਨਿਕਲਣਗੇ।
ਅਸਾਮ ਤੇ ਉੱਤਰ-ਪੂਰਬੀ ਰਾਜਾਂ ‘ਚ ਜੋ ਕੁਝ ਹੋ ਰਿਹਾ ਹੈ, ਸਾਰਿਆਂ ਦੇ ਸਾਹਮਣੇ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਮੋਦੀ ‘ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ‘ਲੁਭਾਉਣੇ ਵਾਅਦੇ’ ਕਰ ਕੇ ‘ਪੁਗਾਏ’ ਨਹੀਂ ਗਏ। ਸੋਨੀਆ ਨੇ ਕਿਹਾ ਕਿ ਮੁਲਕ ਦੀ ਨੀਂਹ ਜੋ ਕਿ ਸੰਵਿਧਾਨ ਹੈ, ਅਜਿਹੇ ਪੱਖਪਾਤੀ ਫ਼ੈਸਲਿਆਂ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜਿਸ ਨਾਲ ਵੀ ਨਾ-ਇਨਸਾਫ਼ੀ ਹੋਵੇਗੀ, ਕਾਂਗਰਸ ਉਸ ਨਾਲ ਖੜ੍ਹੇਗੀ।
ਰਾਹੁਲ ਦੇ ਨਾਂ ਮਗਰ ‘ਜਿਨਾਹ’ ਲਾਉਣਾ ਜ਼ਿਆਦਾ ਢੁੱਕਵਾਂ : ਭਾਜਪਾ
ਨਵੀਂ ਦਿੱਲੀ: ਰਾਹੁਲ ਗਾਂਧੀ ਵੱਲੋਂ ਆਪਣੇ ਨਾਂ ਨਾਲ ‘ਸਾਵਰਕਰ’ ਜੋੜ ਕੇ ਕੀਤੀ ਟਿੱਪਣੀ ਦੇ ਜਵਾਬ ‘ਚ ਭਾਜਪਾ ਨੇ ਕਿਹਾ ਕਿ ‘ਰਾਹੁਲ ਜਿਨਾਹ’ ਨਾਂ ਜ਼ਿਕਰਯੋਗ ਢੁੱਕਵਾਂ ਹੋਵੇਗਾ। ਭਾਜਪਾ ਨੇ ਕਿਹਾ ਕਿ ਕਾਂਗਰਸੀ ਆਗੂ ਦੀ ‘ਮੁਸਲਿਮ ਭਾਈਚਾਰੇ ਨੂੰ ਸੰਤੁਸ਼ਟ ਕਰਨ ਦੀ ਨੀਤੀ’ ਰਾਹੁਲ ਨੂੰ ਪਾਕਿ ਦੇ ਸੰਸਥਾਪਕ ਜਿਨਾਹ ਦੀ ਵਿਰਾਸਤ ਦਾ ਅਸਲ ਹੱਕਦਾਰ ਬਣਾਉਂਦੀ ਹੈ। ਭਾਜਪਾ ਦੇ ਬੁਲਾਰੇ ਜੀਵੀਐੱਲ ਨਰਸਿਮ੍ਹਾ ਰਾਓ ਨੇ ਇਹ ਵਿਅੰਗ ਰਾਹੁਲ ‘ਤੇ ਕੱਸਿਆ ਜਦਕਿ ਪਾਰਟੀ ਦੇ ਹੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਕਦੇ ਸਾਵਰਕਰ ਨਹੀਂ ਹੋ ਸਕਦੇ ਕਿਉਂਕਿ ਸਾਵਰਕਰ ‘ਦੇਸ਼ ਭਗਤੀ, ਬਹਾਦਰੀ ਤੇ ਤਿਆਗ’ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਦੇ ਨਾਗਰਿਕਤਾ ਕਾਨੂੰਨ, ਧਾਰਾ 370 ਤੇ ਸਰਜੀਕਲ ਸਟ੍ਰਾਈਕ ਬਾਰੇ ਵਿਚਾਰ ਪਾਕਿ ਦੀ ਵਿਚਾਰਧਾਰਾ ਨਾਲ ਕਾਫ਼ੀ ਮੇਲ ਖਾਂਦੇ ਹਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …