Breaking News
Home / ਕੈਨੇਡਾ / ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਫੋਰਟ ਜੌਰਜ ਅਤੇ ਨਿਆਗਰਾ ਫ਼ਾਲਜ਼ ਦਾ ਟੂਰ ਲਗਾਇਆ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਫੋਰਟ ਜੌਰਜ ਅਤੇ ਨਿਆਗਰਾ ਫ਼ਾਲਜ਼ ਦਾ ਟੂਰ ਲਗਾਇਆ

ਬਰੈਂਪਟਨ/ਡਾ ਝੰਡ : ਸੰਪੂਰਨ ਸਿੰਘ ਚਾਨੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਐਤਵਾਰ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਰਣਜੀਤ ਸਿੰਘ ਪ੍ਰਧਾਨ, ਬੰਤ ਸਿੰਘ ਰਾਓ ਸਕੱਤਰ, ਗੁਰਮੀਤ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਗਿੱਲ, ਪਿਸ਼ੌਰਾ ਸਿੰਘ ਅਤੇ ਬਲਬੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਿਆਗਰਾ ਆਨ ਲੇਕ, ਵਰਲਪੂਲ ਅਤੇ ਫੋਰਟ ਜੌਰਜ ਦਾ ਦਿਲਚਸਪ ਟੂਰ ਲਗਾਇਆ।
ਕਲੱਬ ਦੇ ਇਸਤਰੀ ਅਤੇ ਮਰਦ ਮੈਂਬਰ ਬੱਸ ਵਿਚ ਬੈਠ ਕੇ ਸਵੇਰੇ 10.00 ਵਜੇ ਨਿਆਗਰਾ ਫ਼ਾਲਜ਼ ਵੱਲ ਚੱਲ ਪਏ ਅਤੇ ਦੁਪਹਿਰ ਤੋਂ ਪਹਿਲਾਂ ਨਿਆਗਰਾ ਲੇਕ ਅਤੇ ਵਰਲਪੂਲ ਜਗ੍ਹਾ ਵੇਖਣ ਲਈ ਉੱਥੇ ਪਹੁੰਚ ਗਏ। ਲੇਕ ਦੇ ਨਾਲ ਨਾਲ ਘੁੰਮਣ ਅਤੇ ਇਸ ਦੇ ਵਗਦੇ ਤੇਜ਼ ਪਾਣੀ ਦੇ ਨਜ਼ਾਰੇ ਤੱਕਣ ਤੋਂ ਬਾਅਦ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਫ਼ਾਲਜ਼ ਅਤੇ ਫੋਰਟ ਜੌਰਜ ਵੇਖਣ ਲਈ ਪਹੁੰਚ ਗਏ। ਕਿਲ੍ਹਾ ਵੇਖਣ ਤੋਂ ਪਹਿਲਾਂ ਉੱਥੇ ਇਕ ਖ਼ੂਬਸੂਰਤ ਪਾਰਕ ਵਿਚ ਸਾਰਿਆਂ ਨੇ ਮਿਲ ਕੇ ਆਪਣੇ ਨਾਲ ਲਿਆਂਦਾ ਹੋਇਆ ਦੁਪਹਿਰ ਦਾ ਖਾਣਾ ਛਕਿਆ ਅਤੇ ਤਾਰੋ-ਤਾਜ਼ਾ ਹੋ ਕੇ ਇਤਿਹਾਸਕ ਕਿਲ੍ਹਾ ਵੇਖਣ ਲਈ ਚੱਲ ਪਏ।
ਇਹ ਕਿਲ੍ਹਾ ਅੰਗਰੇਜਾਂ ਵੱਲੋਂ 1896-97 ਦੋਰਾਨ ਉਸਾਰਿਆ ਗਿਆ ਸੀ ਅਤੇ 1812 ਵਿਚ ਅਮਰੀਕਾ ਅਤੇ ਗਰੇਟ ਬ੍ਰਿਟੇਨ ਵਿਚਕਾਰ ਹੋਈ ਲੜਾਈ ਵਿਚ ਇਸ ਦੀ ਵਰਤੋਂ ਕੀਤੀ ਗਈ ਸੀ। ਕਿਲ੍ਹੇ ਵਿਚ ਉਸ ਸਮੇਂ ਦੇ ਜੰਗੀ ਹਥਿਆਰ, ਹਥਿਆਰ ਬਨਾਉਣ ਦੀ ਫੈਕਟਰੀ, ਤੋਪਾਂ, ਰਸੋਈ ਦੇ ਬਰਤਨ, ਰਿਹਾਇਸ਼ੀ ਕਮਰੇ, ਆਦਿ ਬੜੇ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖੇ ਹੋਏ ਹਨ। ਕਲੱਬ ਦੇ ਮੈਂਬਰਾਂ ਨੇ ਇਨ੍ਹਾਂ ਵਿਚ ਅਤੇ ਰਾਈਫ਼ਲਾਂ ਦੀ ਪ੍ਰਦਰਸ਼ਨੀ ਵਿਚ ਕਾਫ਼ੀ ਦਿਲਚਸਪੀ ਵਿਖਾਈ।  ਕਿਲ੍ਹਾ ਵੇਖਣ ਤੋਂ ਬਾਅਦ ਸਾਰੇ ਮੈਂਬਰ ਬੱਸ ਵਿਚ ਸਵਾਰ ਹੋ ਕੇ ਫਿਰ ਨਿਆਗਰਾ ਫ਼ਾਲਜ਼ ਵੱਲ ਚੱਲ ਪਏ ਅਤੇ ਉੱਥੇ ਪਾਣੀ ਦੇ ਨਿਰੰਤਰ ਵਹਾਅ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਿਆਂ। ਉਪਰੰਤ, ਸਾਰੇ ਮੈਂਬਰ ਉਸ ਪਾਰਕ ਵੱਲ ਤੁਰ ਪਏ ਜਿੱਥੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ। ਸਟੇਜ ਦੇ ਸਾਹਮਣੇ ਬੈਠ ਕੇ ਸਾਰਿਆਂ ਨੇ ਕੁਝ ਸਮੇਂ ਲਈ ਪੰਜਾਬੀ ਗੀਤ-ਸੰਗੀਤ ਦਾ ਅਨੰਦ ਲਿਆ ਅਤੇ ਫਿਰ ਸ਼ਾਮੀ ਪੰਜ ਕੁ ਵਜੇ ਸਾਰੇ ਮੈਂਬਰ ਬੱਸ ਵਿਚ ਬੈਠ ਕੇ ਵਾਪਸੀ ਦੇ ਸਫ਼ਰ ‘ਤੇ ਪੈ ਗਏ। ਰਸਤੇ ਵਿਚ ਇਸ ਟੂਰ ਦੀਆਂ ਖ਼ੂਬਸੂਰਤ ਯਾਦਾਂ ਨੂੰ ਸਾਂਝੀਆਂ ਕਰਦੇ ਹੋਏ ਅਤੇ ਦਿਲਾਂ ਵਿਚ ਵਸਾਉਂਦੇ ਹੋਏ ਘਰਾਂ ਨੂੰ ਰਵਾਨਾ ਹੋ ਗਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …