ਨਿਆਗਰਾ ਫਾਲ/ਬਿਊਰੋ ਨਿਊਜ਼ : ਪ੍ਰਿਂਸੀਪਲ ਜਗਜੀਤ ਸਿੰਘ ਗਰੇਵਾਲ, ਲਹਿਂਬਰ ਸਿੰਘ ਸ਼ੌਕਰ, ਹਰਪਾਲ ਸਿੰਘ ਛੀਨਾ ਅਤੇ ਲਛਮਣ ਸਿੰਘ ਦੀ ਸੁਚੱਜੀ ਅਗਵਾਈ ਵਿਚ 6 ਅਗਸਤ 2017 ਨੂੰ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਮੈਂਬਰਾਂ ਟ੍ਰੀਲਾਈਨ ਪਾਰਕ ਤੋਂ ਬਸ ਭਰ ਕੇ ਸਾਢੇ ਨੌਂ ਵਜੇ ਨਿਆਗਰਾ ਫਾਲਸ ਮੇਲੇ ਦਾ ਅਨੰਦ ਮਾਨਣ ਲਈ ਚਾਲੇ ਪਾਏ।
ਰਸਤੇ ਵਿਚ ਪੈਂਦੇ ‘ਵੈਲ ਐਂਡ ਕੈਨਾਲ ਲੌਕ ਨੰ 3’ ਤੇ ਕੈਨਾਲ ਵਿਚੋਂ ਜਹਾਜ ਦੇ ਲੰਘਣ ਦੇ ਦਿਲਚਸਪ ਨਜਾਰੇ ਦਾ ਸਭ ਮੈਂਬਰਾਂ ਬਹੁਤ ਅਨੰਦ ਮਾਣਿਆ। ਕੋਲਡ ਡਰਿਂਕਸ ਦੀਆਂ ਚੁਸਕੀਆਂ ਲੈਂਦੇ ਹੋਏ ਕੁਦਰਤੀ ਦ੍ਰਿਸ਼ ਦੇਖਣ ਦਾ ਲੁਤਫ ਲੈਣ ਉਪਰੰਤ ਓਥੇ ਕਰੀਬ ਇੱਕ ਘੰਟਾ ਮਿਊਜੀਅਮ ਵਿਚ ਵੰਨ ਸੁਵੰਨਿਆਂ ਵਸਤਾਂ ਦੇਖਣ ਦਾ ਅਵਸਰ ਮਿਲਿਆ। ਇੱਥੋਂ ਬਾਰਾਂ ਵੱਜ ਕੇ ਚਾਲੀ ਮਿੰਟ ਤੇ ਬੱਸ ‘ਚ ਸਵਾਰ ਹੋ ਕੇ ਰੌਣਕਾਂ ਲਾਉਂਦੇ ਹੋਏ ਕਰੀਬ ਇੱਕ ਵਜੇ ਨਿਆਗਰਾ ਫਾਲਸ ਵਿਖੇ ‘ਫੁੱਲਾਂ ਵਾਲੀ ਘੜੀ’ ਕੋਲ ਜਾ ਅਪੜੇ। ਇੱਥੋਂ ਦੇ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣਦੇ ਹੋਏ ਸਭ ਨੇ ਯਾਦਗਾਰੀ ਫੋਟੋਗ੍ਰਾਫੀ ਕੀਤੀ।
ਇਸ ਉਪਰੰਤ ਕੋਈ ਡੇੜ੍ਹ ਕੁ ਵਜੇ ਸ. ਜਗਬੀਰ ਸਿੰਘ ਮਸੂਤਾ ਅਤੇ ਸ੍ਰੀ ਸਵਰਨਾ ਰਾਮ ਆਦਿ ਨੇ ਪੀਜਾ ‘ਤੇ ਕੋਲਡ ਡਰਿਂਕਸ ਆਦਿ ਵਰਤਾਉਣ ਦੀ ਸੇਵਾ ਕੀਤੀ ਜਿਸ ਦਾ ਇੱਕ ਪਿਕਨਿਕ ਦੀ ਤਰ੍ਹਾਂ ਅਨੰਦ ਮਾਣਿਆ ਗਿਆ। ਇੱਥੋਂ ਲਗਭਗ ਢਾਈ ਵਜੇ ਬਸ ‘ਚ ਸਵਾਰ ਹੋ ਕੇ ਗਿੱਧਾ ਪਾਉਂਦੇ ਤੇ ਗੀਤ ਗਾਉਂਦੇ ਹੋਏ ਮੇਲੇ ਵਿਚ ਪਹੁੰਚ ਗਏ। ਅੰਤਰ ਰਾਸ਼ਟਰੀ ਪੱਧਰ ਦੇ ਇਸ ਰਮਣੀਕ ਸਥਾਨ ਦਾ ਸਭ ਨੇ ਰੱਜ ਕੇ ਅਨੰਦ ਲਿਆ, ਗਰੁੱਪਾਂ ਵਿਚ ਬੈਠ ਗੀਤ ਸੰਗੀਤ ਦਾ ਨਿਵੇਕਲਾ ਸਵਾਦ ਲਿਆ।
ਖੁਸ਼ੀਆਂ ਭਰੇ ਇਸ ਟੂਰ ਦੇ ਸਮਾਪਤ ਹੋਣ ਤੇ ਕੋਈ ਸੱਤ ਕੁ ਵਜੇ ਵਾਪਸ ਘਰਾਂ ਨੂੰ ਚਾਲੇ ਪਾ ਦਿੱਤੇ। ਟੂਰ ਮੈਂਬਰਾਂ ਦਾ ਪ੍ਰਧਾਨ ਜਗਜੀਤ ਸਿੰਘ ਗਰੇਵਾਲ ਵੱਲੋਂ ਧੰਨਵਾਦ ਕੀਤਾ ਗਿਆ। ਸਾਢੇ ਨੌਂ ਕੁ ਵਜੇ ਵਾਪਸ ਘਰ ਅੱਪੜ ਗਏ ਤੇ ਇਸੇ ਤਰ੍ਹਾਂ ਦੇ ਅਗਲੇ ਮਨੋਰੰਜਕ ਟੂਰ ਦੇ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਗਿਆ ਕਿਓਂਕਿ ਕਨੈਡਾ ਨੂੰ ਕੁਦਰਤ ਨੇ ਆਪਣੇ ਹੁਸਨ ਦੇ ਖੁਲ੍ਹੇ ਗੱਫੇ ਬਖ਼ਸ਼ੇ ਹਨ ਤਾਂ ਕਿਓਂ ਨਾ ਇਸ ਦਾ ਅਨੰਦ ਲਿਆ ਜਾਏ।