Breaking News
Home / ਕੈਨੇਡਾ / ਪਰਵਾਸੀ ਪੰਜਾਬੀਆਂ ਦੀ ਪੁਕਾਰ -‘ਉੱਤਰ ਕਾਂਟੋ ਮੈਂ ਚੜ੍ਹਾਂ ਨੂੰ ਕਰੋ ਸੱਤਾ ਤੋਂ ਬਾਹਰ’

ਪਰਵਾਸੀ ਪੰਜਾਬੀਆਂ ਦੀ ਪੁਕਾਰ -‘ਉੱਤਰ ਕਾਂਟੋ ਮੈਂ ਚੜ੍ਹਾਂ ਨੂੰ ਕਰੋ ਸੱਤਾ ਤੋਂ ਬਾਹਰ’

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਲੰਘੇ ਐਤਵਾਰ ਬਰੈਂਪਟਨ ਦੇ 125 ਕਰਾਈਸਲਰ ਰੋਡ ਵਿਖੇ ਚਾਂਦਨੀ ਬੈਂਕੁਇਟ ਹਾਲ ਵਿਚ ਆਮ ਆਦਮੀ ਪਾਰਟੀ ਦੇ ਲੱਗਭੱਗ ਡੇਢ ਸੌ ਸਮਰਥਕਾਂ ਦਾ ਇਕੱਠ ਹੋਇਆ। ਪ੍ਰਬੰਧਕਾਂ ਅਨੁਸਾਰ ਕੋਵਿਡ ਦੇ ਵੱਖ-ਵੱਖ ਵੈਰੀਐਂਟਾਂ ਦੇ ਅਜੇ ਵੀ ਚੱਲ ਰਹੇ ਪ੍ਰਭਾਵ ਕਾਰਨ ਇਹ ਇਕੱਠ ਭਾਵੇਂ ਉਨ੍ਹਾਂ ਦੀ ਆਸ ਨਾਲੋਂ ਕੁਝ ਘੱਟ ਰਿਹਾ ਪਰ ਫਿਰ ਵੀ ਲੋਕਾਂ ਵਿਚ ਆਮ ਆਦਮੀ ਪਾਰਟੀ ਲਈ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਚੱਲ ਰਹੇ ਪ੍ਰੋਗਰਾਮ ਦੌਰਾਨ ਕਈ ਵਿਅੱਕਤੀ ਕੁਝ ਸਮੇਂ ਲਈ ਆ ਕੇ ਆਪਣੀ ਹਾਜ਼ਰੀ ਲਵਾ ਕੇ ਫਿਰ ਚਲੇ ਵੀ ਗਏ। ਇਸ ਦੌਰਾਨ ਕੋਵਿਡ ਸਬੰਧੀ ਸਰਕਾਰੀ ਹੁਕਮਾਂ ਦੀ ਪੂਰੀ ਪਾਲਣਾ ਕੀਤੀ ਗਈ। ਹਾਲ ਵਿਚ ਲੱਗਭੱਗ ਸਾਰਿਆਂ ਨੇ ਮਾਸਕ ਲਗਾਏ ਹੋਏ ਸਨ ਅਤੇ ਉਹ ਲੋੜੀਂਦੀ ਆਪਸੀ ਦੂਰੀ ਵੀ ਰੱਖ ਰਹੇ ਸਨ। ਉਹ ਪੰਜਾਬ ਦੇ ਲੱਗਭੱਗ ਸਾਰੇ ਹੀ ਜ਼ਿਲ੍ਹਿਆਂ ਨਾਲ ਸਬੰਧਿਤ ਸਨ। ਇਸ ਮੌਕੇ ਸਟੇਜ ‘ઑਤੇ ਬੋਲਣ ਵਾਲਿਆਂ ਵੱਲੋਂ ਆਪਣੇ ਜ਼ਿਲ੍ਹੇ ਦੇ ਵਿਧਾਨ ਸਭਾ ਦੇ ਉਮੀਦਵਾਰਾਂ ਦੀ ਇਸ ਸਮੇਂ ਚੋਣਾਂ ਵਿਚ ਚੱਲ ਰਹੀ ਤਾਜ਼ਾ ਪੁਜ਼ੀਸ਼ਨ ਅਤੇ ਆਮ ਆਦਮੀ ਪਾਰੀ ਦੇ ਅਗਲੇਰੇ ਪ੍ਰੋਗਰਾਮਾਂ ਤੇ ਪਾਲਸੀਆਂ ਬਾਰੇ ਜਾਣਕਾਰੀ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਗਈ।
ਆਮ ਬੁਲਾਰਿਆਂ ਦੀ ਆਵਾਜ਼ ਸੀ ਕਿ ਪੰਜਾਬੀ ਪਿਛਲੇ 75 ਸਾਲਾਂ ਤੋਂ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਵੋਟਾਂ ਪਾ ਰਹੇ ਹਨ ਅਤੇ ਇਨ੍ਹਾਂ ਦੋਹਾਂ ਪਾਰਟੀਆਂ ਦੇ ਲੀਡਰ ਪੰਜਾਬ ਨੂੰ ਲੁੱਟ ਕੇ ਮਾਲਾ-ਮਾਲ ਹੋ ਗਏ ਹਨ। ਇੱਥੋਂ ਤੱਕ ਕਿ ਇਨ੍ਹਾਂ ਲੀਡਰਾਂ ਦੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚੋਂ ਵੀ ਕਰੋੜਾਂ ਦੇ ਹਿਸਾਬ ਨਾਲ ਕਰੰਸੀ ਨੋਟ ਮਿਲ ਰਹੇ ਹਨ ਜਿਨ੍ਹਾਂ ਨੂੰ ਗਿਣਨ ਲੱਗਿਆਂ ਮਸ਼ੀਨਾਂ ਵੀ ਮੁੜ੍ਹਕੋ-ਮੁੜ੍ਹਕੀ ਹੋ ਰਹੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਵਾਰ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ ਅਤੇ ਪੰਜਾਬ ਵਿਚ ਇਕ ਇਮਾਨਦਾਰ ਸਰਕਾਰ ਦਾ ਗਠਨ ਕੀਤਾ ਜਾਏ ਜੋ ਤਰੱਕੀ ਦੀਆਂ ਲੀਹਾਂ ‘ਤੇ ਚੱਲਦਿਆਂ ਹੋਇਆਂ ਇਸ ਸੂਬੇ ਨੂੰ ਮੁੜ ਖ਼ੁਸ਼ਹਾਲ ਬਣਾਵੇ। ਉਨ੍ਹਾਂ ਕਿਹਾ ਕਿ ਲੱਗਭੱਗ ਸਾਰੀਆਂ ਹੀ ਪਾਰਟੀਆਂ ਵੱਲੋਂ ਕਈ ਮੁਫ਼ਤ ਚੀਜ਼ਾਂ ਦੇਣ ਦੀਆਂ, ਇੱਥੋਂ ਤੱਕ ਕਿ ਲੜਕੀਆਂ ਨੂੰ ਸਕੂਟਰੀਆ ਤੱਕ ਵੀ ਵੰਡਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜੋ ਮਹਿਜ਼ ਇਕ ਛਲਾਵਾ ਹਨ। ਚਾਰ-ਛੇ ਦਿਨ ਇਹ ‘ਹੋ-ਹੱਲਾ’ ਮੱਚ ਕੇ ਫਿਰ ਸੱਭ ਕੁਝ ਠੰਡੇ ਬਸਤੇ ਵਿਚ ਪੈ ਜਾਂਦਾ ਹੈ। ਲੋਕਾਂ ਨੂੰ ਇਸ ਛਲਾਵੇ ਵਿਚ ਨਹੀਂ ਆਉਣਾ ਚਾਹੀਦਾ ਅਤੇ ਆਪਣੀਆਂ ਵੋਟਾਂ ਪੂਰੀ ਇਮਾਨਦਾਰੀ ਨਾਲ ਪਾਉਣੀਆਂ ਚਾਹੀਦੀਆਂ ਹਨ।
ਅਖ਼ੀਰ ਵਿਚ ਸਾਰਿਆਂ ਵੱਲੋਂ ਦੇਸ਼-ਭਗਤੀ ਦੀ ਭਾਵਨਾ ਪ੍ਰਗਟਾਉਂਦਿਆਂ ਹੋਇਆਂ ਬੁਲੰਦ ਆਵਾਜ਼ ਵਿਚ ‘ਹਿੰਦੋਸਤਾਨ ਜ਼ਿੰਦਾਬਾਦ’, ‘ਭਾਰਤ ਮਾਤਾ ਜ਼ਿੰਦਾਬਾਦ’, ‘ਈਮਾਨਦਾਰੀ ਜ਼ਿੰਦਾਬਾਦ’ ਅਤੇ ‘ਆਮ ਆਦਮੀ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਆਮ ਆਦਮੀ ਪਾਰਟੀ ਦੇ ਸਮੱਰਥਕਾਂ ਦੇ ਇਸ ਇਕੱਠ ਦੀ ਕੱਵਰੇਜ ਕਰਨ ਲਈ ਕਈ ਰੇਡੀਓ ਤੇ ਟੀ.ਵੀ. ਹੋਸਟ ਅਤੇ ਅਖ਼ਬਾਰਾਂ ਦੇ ਨੁਮਾਇੰਦੇ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਅਤੇ ਇਸ ਮੀਟਿੰਗ ਵਿਚ ਸ਼ਾਮਲ ਹੋਏ ਸਾਰੇ ਵਿਅੱਕਤੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਵਿਚ ਸੁਦੀਪ ਸਿੰਗਲਾ, ਗੁਰਦੀਪ ਢਿੱਲੋਂ, ਅਸ਼ੋਕ ਸ਼ਰਮਾ, ਅਜੀਤ ਸਿੰਘ ਵਿਰਕ, ਕੈਪਟਨ ਇਕਬਾਲ ਸਿੰਘ ਵਿਰਕ, ਰਾਣੀ ਕੋਹੇਨੂਰ ਤੇ ਕਈ ਹੋਰ ਸ਼ਾਮਲ ਸਨ। ਉਨ੍ਹਾਂ ਵੱਲੋਂ ਇਸ ਮੌਕੇ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਜਿਸ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …