Parvasi Media, Canada
ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।ਪਰ ਆਉਣ ਵਾਲੇ ਦਿਨਾਂ ਵਿੱਚ ਬੈਂਕ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਦੀ ਚੇਤਾਵਨੀ ਦਿੱਤੀ। ਸੈਂਟਰਲ ਬੈਂਕ ਵੱਲੋਂ ਇਸ ਸਾਲ ਮਾਰਚ ਤੋਂ ਵਿਆਜ਼ ਦਰਾਂ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੈਂਕ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਅਹਿਮ ਪਾਲਿਸੀ ਦਰਾਂ 0·25 ਫੀ ਸਦੀ ਤੋਂ ਨਹੀਂ ਵਧਾਵੇਗਾ।ਜਿ਼ਕਰਯੋਗ ਹੈ ਕਿ ਮਾਰਚ 2020 ਤੋਂ ਕੋਵਿਡ-19 ਮਹਾਂਮਾਰੀ ਦੀ ਪਹਿਲੀ ਵੇਵ ਤੋਂ ਲੈ ਕੇ ਹੁਣ ਤੱਕ ਬੈਂਕ ਵੱਲੋਂ ਇਹ ਵਿਆਜ਼ ਦਰਾਂ ਸੱਭ ਤੋਂ ਹੇਠਲੇ ਪੱਧਰ ਉੱਤੇ ਰੱਖੀਆਂ ਗਈਆਂ ਹਨ। ਬੈਂਕ ਆਫ ਕੈਨੇਡਾ ਨੇ ਆਖਿਆ ਕਿ ਸੂਚਕ-ਅੰਕ ਦਰਸਾਉਂਦੇ ਹਨ ਕਿ ਅਰਥਚਾਰਾ ਲੀਹ ਉੱਤੇ ਆ ਰਿਹਾ ਹੈ।ਲੇਬਰ ਮਾਰਕਿਟ ਵੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਪਹੁੰਚ ਗਈ ਹੈ।ਬੈਂਕ ਆਫ ਕੈਨੇਡਾ ਨੇ ਆਖਿਆ ਕਿ ਸੀਨੀਅਰ ਨੀਤੀ ਘਾੜਿਆਂ ਵੱਲੋਂ ਜਿਹੜੀ ਪੇਸ਼ੀਨਿਗੋਈ ਕੀਤੀ ਗਈ ਸੀ ਉਸ ਨਾਲੋਂ ਵਿਕਾਸ ਦਰ ਪਿਛਲੇ ਕੁੱਝ ਮਹੀਨਿਆਂ ਵਿੱਚ ਮਜ਼ਬੂਤ ਹੋਈ ਹੈ। ਇਸ ਮੌਕੇ ਬੈਂਕ ਦੇ ਗਵਰਨਰ ਟਿੱਫ ਮੈਕਲੈਮ ਨੇ ਆਖਿਆ ਕਿ ਮਹਿੰਗਾਈ ਦਰ ਨੂੰ ਕਾਬੂ ਵਿੱਚ ਕਰਨ ਲਈ ਬੈਂਕ ਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਓਮਾਈਕ੍ਰੌਨ ਦੇ ਅਚਾਨਕ ਭਾਰੂ ਪੈ ਜਾਣ ਕਾਰਨ ਇੱਕ ਵਾਰੀ ਫਿਰ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧੇ ਉੱਤੇ ਰੋਕ ਲਾਈ ਗਈ ਹੈ।