Breaking News
Home / ਕੈਨੇਡਾ / ਆਦਮਪੁਰ ਦੁਆਬਾ ਤੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੇ ਮਿਲ ਕੇ ਮਨਾਈ ਦਿਲਚਸਪ ‘ਦੀਵਾਲੀ ਨਾਈਟ’

ਆਦਮਪੁਰ ਦੁਆਬਾ ਤੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੇ ਮਿਲ ਕੇ ਮਨਾਈ ਦਿਲਚਸਪ ‘ਦੀਵਾਲੀ ਨਾਈਟ’

ਬਰੈਪਟਨ/ਡਾ. ਝੰਡ : ਕੈਨੇਡਾ ਦੀਆਂ ਗਰਮੀਆਂ ਸੁਹਾਵਣੀਆਂ ਹੁੰਦੀਆਂ ਹਨ ਅਤੇ ਇਸ ਮੌਸਮ ਵਿਚ ਪਿਕਨਿਕਾਂ ਦਾ ਖ਼ੂਬ ਜ਼ੋਰ ਹੁੰਦਾ ਹੈ। ਲੱਗਭੱਗ ਹਰੇਕ ‘ਵੀਕਐਂਡ’ ‘ਤੇ ਹੀ ਕਿਸੇ ਨਾ ਕਿਸੇ ਸੰਸਥਾ, ਇਲਾਕੇ, ਪਿੰਡ ਜਾਂ ਸ਼ਹਿਰ ਵੱਲੋਂ ਆਪਣੇ ਜਾਣ-ਪਛਾਣ ਵਾਲੇ ਲੋਕਾਂ ਨੂੰ ਪਿਕਨਿਕਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਖ਼ੂਬਸੂਰਤ ਪਾਰਕਾਂ ਵਿਚ ਖ਼ੂਬ ਰੌਣਕਾਂ ਲੱਗਦੀਆਂ ਹਨ। ਇਸ ਸੁਹਾਵਣੇ ਮੌਸਮ ਵਿਚ ਕਈ ਖੇਡ-ਮੇਲੇ ਅਤੇ ਦੌੜਾਂ ਦੇ ਸਮਾਗ਼ਮ ਵੀ ਆਯੋਜਿਤ ਕੀਤੇ ਜਾਂਦੇ ਹਨ। ਇਹ ਤਾਂ ਹੋਈ ਮਈ-ਜੂਨ ਤੋਂ ਚੱਲੇ ਸਤੰਬਰ ਮਹੀਨੇ ਦੇ ਗਰਮੀਆਂ ਦੇ ਮਨਮੋਹਕ ਮੌਸਮ ਦੀ ਗੱਲ। ਅੱਗੋਂ ਅਕਤੂਬਰ ਦਾ ‘ਪੱਤਝੜ’ ਵਾਲਾ ਮਹੀਨਾ ਆ ਜਾਂਦਾ ਹੈ। ਰੁੱਖਾਂ ਤੋਂ ਝੜਦੇ ਪੱਤੇ ਕਈਆਂ ਨੂੰ ਤਾਂ ਉਦਾਸ ਕਰ ਜਾਂਦੇ ਹਨ ਪਰ ਬਹੁਤੇ ਕੈਨੇਡੀਅਨ ਇਸ ਮਹੀਨੇ ਰੁੱਖਾਂ ਦੇ ਹਰੇ ਪੱਤਿਆਂ ਨੂੰ ਹੁਸੀਨ ਲਾਲ, ਪੀਲ਼ੇ ਤੇ ਭੂਰੇ ਰੰਗਾਂ ਵਿਚ ਵਟਾਉਂਦਿਆਂ ਪਸੰਦ ਕਰਦੇ ਹਨ ਅਤੇ ਉਹ ਇਨ੍ਹਾਂ ਖ਼ੂਬਸੂਰਤ ਦ੍ਰਿਸ਼ਾਂ ਦੀਆਂ ਤਸਵੀਰਾਂ ਨੂੰ ਫੇਸਬੁੱਕ ਤੇ ਹੋਰ ਕਈ ਬਿਜਲਈ-ਸਰੋਤਾਂ ‘ਤੇ ਸਾਂਝੀਆਂ ਕਰਦੇ ਹਨ। ਫਿਰ ਅੱਗੇ ਆ ਜਾਂਦਾ ਹੈ, ਕੈਨੇਡਾ ਦੀਆਂ ਸਰਦੀਆਂ ਦਾ ਲੰਮੇਰਾ ਮੌਸਮ ਜੋ ਨਵੰਬਰ ਤੋਂ ਸ਼ੁਰੂ ਹੋ ਕੇ ਅਪ੍ਰੈਲ ਤੱਕ ਚੱਲਦਾ ਹੈ। ਇਸ ਦੌਰਾਨ ਖ਼ੂਬ ਬਰਫ਼ ਪੈਂਦੀ ਹੈ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਨਤੀਜੇ ਵਜੋਂ, ਬਹੁਤ ਸਾਰੇ ਲੋਕਾਂ ਦੀਆਂ ਬਾਹਰੀ ਸਰਗ਼ਮੀਆਂ ਬਹੁਤ ਘੱਟ ਹੋ ਜਾਂਦੀਆਂ ਹਨ ਅਤੇ ਇਸ ਦੌਰਾਨ ਉਹ ਆਪਣੇ ਮਨੋਰੰਜਨ ਲਈ ਆਪਣੇ ਘਰਾਂ ਵਿਚ ਹੀ ਜਾਂ ਫਿਰ ਵੱਡੀਆਂ ਮੀਟਿੰਗਾਂ ਲਈ ਬੈਂਕੁਇਟ ਹਾਲਾਂ ਵਿਚ ਇਕੱਠੇ ਹੁੰਦੇ ਹਨ। ਖਾਂਦੇ-ਪੀਦੇ ਹਨ, ਆਪਣੇ ਤਿਓਹਾਰ ਮਨਾਉਂਦੇ ਹਨ ਅਤੇ ਮੌਜ-ਮੇਲਾ ਕਰਦੇ ਹਨ। ਅਜਿਹੀ ਹੀ ਇੱਕ ਇਕੱਤਰਤਾ ਬੀਤੇ ਦਿਨੀਂ ਆਦਮਪੁਰ ਦੁਆਬੇ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ 11 ਨਵੰਬਰ ਨੂੰ ਬਰੈਂਪਟਨ ਦੇ ‘ਗਰੈਂਡ ਅੰਪਾਇਰ ਬੈਂਕੁਇਟ ਹਾਲ’ ਵਿਚ ‘ਦੀਵਾਲੀ ਨਾਈਟ’ ਦੇ ਰੂਪ ਵਿਚ ਕੀਤੀ ਜਿਸ ਦੁਆਬੇ ਦੇ ਇਸ ਇਲਾਕੇ ਦੇ ਲੱਗਭੱਗ 200-250 ਨਿਵਾਸੀ ਸ਼ਾਮਲ ਹੋਏ। ਇਸ ਦਾ ਸਮੁੱਚਾ ਪ੍ਰਬੰਧ ਅੱਠ-ਮੈਂਬਰੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਨਿੱਜਰ, ਰਾਜੂ ਦੁਆ, ਰੋਹਿਤ ਵਰਮਾ, ਸਤਨਾਮ ਚੁੰਬਰ, ਰਾਜਵੀਰ ਕੂਨਰ, ਅਮਿਤ ਪਾਲ, ਜੈ ਨਾਰੰਦ ਸ਼ਰਮਾ ਅਤੇ ਜੈਜ਼ ਕਾਹਲੋਂ ਵੱਲੋਂ ਮਿਲ ਕੇ ਕੀਤਾ ਗਿਆ। ਇਹ ਇਸ ਸੰਸਥਾ ਦੀ ‘ਦੂਸਰੀ ਨਾਈਟ’ ਸੀ। ਇਸ ਦੇ ਵੱਲੋਂ ਅਜਿਹੀ ਪਹਿਲੀ ਦੀਵਾਲੀ ਨਾਈਟ ਪਿਛਲੇ ਸਾਲ ‘ਨੂਰ ਬੈਂਕੁਇਟ ਹਾਲ’ ਵਿਚ ਮਨਾਈ ਗਈ ਸੀ। ਇਸ ਨਾਈਟ ਦੇ ਪ੍ਰੋਗਰਾਮ ਵਿਚ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦੇ ਨਾਲ ਨਾਲ ਪ੍ਰਬੰਧਕਾਂ ਵੱਲੋਂ ਮਨੋਰੰਜਨ ਦੀਆਂ ਕਈ ਆਈਟਮਾਂ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਗੀਤ-ਸੰਗੀਤ, ਕਵਿਤਾਵਾਂ, ਚੁਟਕਲੇ, ਗਿੱਧਾ, ਭੰਗੜਾ, ਆਦਿ ਸ਼ਾਮਲ ਸਨ। ਆਦਮਪੁਰ ਏਰੀਏ ਦੇ ਸੀਨੀਅਰਜ਼ ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਲਾਟਰੀ ਸਿਸਟਮ ਦੁਆਰਾ ਕਈ ਇਨਾਮ ਵੀ ਕੱਢੇ ਗਏ।
ਮਨਜੀਤ ਸਿੰਘ ਨੇ ‘ਰੀਮੈਕਸ ਰੀਅਲ ਅਸਟੇਟ’ ਵੱਲੋਂ ਸਪਾਂਸਰ ਕੀਤਾ ਗਿਆ ਸੱਭ ਤੋਂ ਵੱਡਾ ਇਨਾਮ 65-ਇੰਚੀ ਟੀ.ਵੀ. ਜਿੱਤਿਆ। ਇਸ ਦੌਰਾਨ ਦੋ ਹੋਰ ਵੀ ਇਨਾਮ ਦਿੱਤੇ ਗਏ ਜਿਨ੍ਹਾਂ ਵਿਚ ਦੂਸਰਾ ‘ਕਰੋਮ ਬੁੱਕ’ ਅਤੇ ਤੀਸਰਾ ‘ਏਅਰ ਫ਼ਲਾਇਰ’ ਸਨ। ਸਮਾਗ਼ਮ ਵਿਚ ਹਾਜ਼ਰ ਸਾਰੇ ਲੋਕਾਂ ਨੇ ਇਸ ‘ਦੀਵਾਲੀ ਨਾਈਟ’ ਦਾ ਭਰਪੂਰ ਅਨੰਦ ਮਾਣਿਆਂ ਅਤੇ ਇਸ ਦੀਆਂ ਖ਼ੂਬਸੂਰਤ ਯਾਦਾਂ ਲੈ ਕੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਨੂੰ ਪਰਤੇ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਭਵਿੱਖ ਵਿਚ ਅਜਿਹੀਆਂ ਹੋਰ ‘ਨਾਈਟਾਂ’ ਦਾ ਆਯੋਜਨ ਕਰਨ ਦਾ ਭਰੋਸਾ ਦਿਵਾਇਆ ਗਿਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …