24.8 C
Toronto
Wednesday, September 17, 2025
spot_img
Homeਕੈਨੇਡਾਡਾ. ਨਰਿੰਦਰ ਰਵੀ ਨੇ ਪੀਸੀਐੱਚਐੱਸ ਦੇ ਸ਼ੁੱਕਰਵਾਰ ਵਾਲੇ ਗਰੁੱਪ ਵਿਚ 'ਸਰੀਰ ਅਤੇ...

ਡਾ. ਨਰਿੰਦਰ ਰਵੀ ਨੇ ਪੀਸੀਐੱਚਐੱਸ ਦੇ ਸ਼ੁੱਕਰਵਾਰ ਵਾਲੇ ਗਰੁੱਪ ਵਿਚ ‘ਸਰੀਰ ਅਤੇ ਮਨ’ ਵਿਸ਼ੇ ‘ਤੇ ਦਿੱਤਾ ਭਾਵਪੂਰਤ ਭਾਸ਼ਨ

ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 17 ਨਵੰਬਰ ਨੂੰ ਪੀਸੀਐੱਚਐੱਸ ਦੇ ਸ਼ੁੱਕਰਵਾਰ ਵਾਲੇ ਗਰੁੱਪ ਵਿਚ ਫ਼ਿਲਾਸਫ਼ੀ ਤੇ ਧਰਮ ਖ਼ੇਤਰ ਦੇ ਮਾਹਿਰ ਡਾ. ਰਵਿੰਦਰ ਰਵੀ ਨੇ ‘ਸਰੀਰ ਤੇ ਮਨ’ ਵਿਸ਼ੇ ‘ਤੇ ਬੜਾ ਭਾਵਪੂਰਤ ਤੇ ਜਾਣਕਾਰੀ ਭਰਪੂਰ ਭਾਸ਼ਨ ਦੇ ਕੇ ਮੈਂਬਰਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ। ਇਸ ਤੋਂ ਪਹਿਲਾਂ ਗਰੁੱਪ ਦੇ ਮੌਜੂਦਾ ਕੋਆਰਡੀਨੇਟਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਮੈਂਬਰਾਂ ਨਾਲ ਡਾ. ਰਵੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾ. ਰਵੀ ਨੇ ਫ਼ਿਲਾਸਫ਼ੀ ਦੇ ਵਿਸ਼ੇ ਵਿਚ ਐੱਮ.ਏ. ਹਨ ਤੇ ਕੰਪੈਰੇਟਿਵ ਰਿਲੀਜਨ ਵਿਚ ਉਨ੍ਹਾਂ ਨੇ ਪੀਐੱਚ.ਡੀ. ਕੀਤੀ ਹੈ। ਉਹ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਫ਼ਿਲਾਸਫ਼ੀ ਪੜ੍ਹਾਉਂਦੇ ਰਹੇ ਹਨ। ਨੌਕਰੀ ਤੋਂ ਸੇਵਾ-ਮੁਕਤੀ ਬਾਅਦ ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨੇ ਕੈਨੇਡਾ ਵਿਚ ਪਰਵਾਸ ਕੀਤਾ ਹੈ ਅਤੇ ਇੱਥੇ ਬਰੈਂਪਟਨ ਵਿਚ ਉਹ ਕਈ ਟੀ.ਵੀ. ਚੈਨਲਾਂ ‘ਤੇ ਫ਼ਿਲਾਸਫ਼ੀ ਤੇ ਧਰਮ ਬਾਰੇ ਦਰਸ਼ਕਾਂ ਨਾਲ ਕਈ ਪੱਖਾਂ ‘ਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।
ਮਨੁੱਖੀ ਸਰੀਰ ਦੀ ਰਚਨਾ ਬਾਰੇ ਬੋਲਦਿਆਂ ਡਾ. ਰਵੀ ਨੇ ਦੱਸਿਆ ਅਸੀਂ ਆਮ ਤੌਰ ‘ਤੇ ਦਿਮਾਗ਼ ਅਤੇ ਮਨ ਨੂੰ ਇੱਕੋ ਹੀ ਸਮਝਦੇ ਹਾਂ, ਜਦਕਿ ਮਨ ਸੋਚਣ ਦਾ ਢੰਗ ਜਾਂ ਤਰੀਕਾ ਹੈ ਜੋ ਸਾਡੇ ਦਿਮਾਗ਼ ਵਿਚ ਹਰ ਵੇਲੇ ਸੁੱਤਿਆਂ-ਜਾਗਦਿਆਂ ਚੱਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਦਿਲ ਅਤੇ ਮਨ ਨੂੰ ਇਕ ਹੀ ਚੀਜ਼ ਸਮਝਦੇ ਹਨ ਜਦੋਂ ਉਹ ਕਹਿੰਦੇ ਹਨ, ”ਮੇਰਾ ਫਲਾਣਾ ਕੰਮ ਕਰਨ ਨੂੰ ਦਿਲ ਨਹੀਂ ਮੰਨਦਾ ਜਾਂ ਇਹ ਚੀਜ਼ ਖਾਣ ਨੂੰ ਮੇਰਾ ਦਿਲ ਨਹੀਂ ਕਰਦਾ। ਇਹ ਤਾਂ ਬਿਲਕੁਲ ਹੀ ਗ਼ਲਤ ਹੈ, ਕਿਉਂਕਿ ਦਿਲ ਦਾ ਕੰਮ ਤਾਂ ਸਾਫ਼ ਖ਼ੂਨ ਨੂੰ ਪੰਪ ਕਰਕੇ ਸਰੀਰ ਦੇ ਵੱਖ-ਵੱਖ ਅੰਗਾਂ ਤੀਕ ਪਹੁੰਚਾਉਣਾ ਹੈ। ਸੋਚਣ ਦਾ ਕੰਮ ਮਨ ਦਾ ਹੈ, ਨਾ ਕਿ ਦਿਲ ਦਾ।” ਉਨ੍ਹਾਂ ਹੋਰ ਕਿਹਾ ਕਿ ਮਨੁੱਖੀ ਮਨ ਤਾਂ ‘ਲੂੰਬੜ’ ਦੀ ਨਿਆਈਂ ਹੈ ਜੋ ਹਰ ਸਮੇਂ ਪੁੱਠੀਆਂ-ਸਿੱਧੀਆਂ ‘ਲੂੰਬੜ-ਚਾਲਾਂ’ ਸੋਚਦਾ ਰਹਿੰਦਾ ਹੈ ਅਤੇ ਬੇਹਤਰ ਭਵਿੱਖ ਦੀ ਲੋਚਾ ਕਰਦਾ ਹੈ। ਸਾਡੀਆਂ ਗਿਆਨ-ਇੰਦਰੀਆਂ ਸਦਾ ‘ਡਾਂਸ’ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਚਾਰ ਯੁੱਗਾਂ ਸਤਿਯੁੱਗ, ਦੁਆਪਰ, ਤਰੇਤਾ ਤੇ ਕਲਯੁੱਗ ਤੋਂ ਬਾਅਦ ਅੱਜਕੱਲ੍ਹ ਹੁਣ ਪੰਜਵਾਂ ਯੁੱਗ ‘ਛੱਲਯੁੱਗ’ ਚੱਲ ਰਿਹਾ ਹੈ ਅਤੇ ਅਸੀਂ ਸਾਰੇ ਮਨੁੱਖ ਇਸ ਦੇ ਜਾਲ਼ ਵਿਚ ਫਸੇ ਹੋਏ ਹਾਂ। ਉਨ੍ਹਾਂ ਕਿਹਾ ਮਨੁੱਖ ਲਈ ਵਰਤਮਾਨ ਸਮਾਂ ਸੱਭ ਤੋਂ ਅਹਿਮ ਹੈ ਅਤੇ ਉਜਲੇ ਤੇ ਚੰਗੇਰੇ ਭਵਿੱਖ ਦੀ ਆਸ ਵਿਚ ਇਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ। ਇਸ ਨਾਲ ਅੰਦਰੂਨੀ ਖ਼ੁਸੀ ਹਾਸਲ ਹੁੰਦੀ ਹੈ ਅਤੇ ਸਖ਼ਤ ਮਿਹਨਤ ਕਰਕੇ ਕਿਸੇ ਮਜ਼ਦੂਰ ਦਾ ਬੇਟਾ ਵੀ ਅਫ਼ਸਰ ਬਣ ਸਕਦਾ ਹੈ। ਇਸ ਦੀਆਂ ਕਈ ਉਦਾਹਰਣਾਂ ਸਾਡੇ ਕੋਲ ਮੌਜੂਦ ਹਨ ਜਦੋਂ ਅਸੀਂ ਕਿਸੇ ‘ਰਿਕਸ਼ਾ-ਚਾਲਕ’ ਜਾਂ ਜੁੱਤੀਆਂ ਗੰਢਣ ਵਾਲੇ ‘ਮੋਚੀ’ ਦੇ ਬੱਚੇ ਨੂੰ ਆਈ.ਏ.ਐੱਸ. ਅਫ਼ਸਰ ਬਣਿਆਂ ਵੇਖਦੇ ਹਾਂ। ਰੱਬ ਨੂੰ ਪਾਉਣ ਬਾਰੇ ਡਾ. ਰਵੀ ਨੇ ‘ਲਗਾਵ ਤੇ ਨਿਰਲੇਪਤਾ ਸਿਧਾਂਤ’ (Principle of Attachment and Detachment) ਦੀ ਵਿਆਖਿਆ ਬਾਬਾ ਬੁਲ੍ਹੇ ਸ਼ਾਹ ਦੇ ਕਥਨ ”ਬੁਲ੍ਹਿਆ ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਤੇ ਉੱਥੇ ਲਾਉਣਾ” ਦੀ ਮਦਦ ਨਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮਨੁੱਖੀ ਮਨ ਚੰਗੀ ਜਾਂ ਮਾੜੀ ਦੋਵੇਂ ਤਰ੍ਹਾਂ ਦੀ ਸੰਗਤ ਦਾ ਪ੍ਰਭਾਵ ਕਬੂਲਦਾ ਹੈ, ਸਗੋਂ ਮਾੜੀ ਸੰਗਤ ਦਾ ਅਸਰ ਇਸ ‘ਤੇ ਹੋਰ ਵੀ ਜਲਦੀ ਹੁੰਦਾ ਹੈ। ਮਨ ਨੂੰ ਕੰਟਰੋਲ ਕਰਨਾ ਕਠਨ ਜ਼ਰੂਰ ਹੈ ਪਰ ਇਹ ਅਸੰਭਵ ਨਹੀਂ ਹੈ ਅਤੇ ਇਹ ਕੰਟਰੋਲ ਪ੍ਰੇਮ-ਪਿਆਰ ਨਾਲ ਕੀਤਾ ਜਾ ਸਕਦਾ ਹੈ।
ਭਾਸ਼ਨ ਦੇ ਅਖ਼ੀਰ ‘ਤੇ ਮੈਂਬਰਾਂ ਵੱਲੋਂ ਮਨ, ਮੱਤ ਤੇ ਬੁੱਧ ਦੇ ਆਪਸੀ ਸਬੰਧ, ਮਨ ਦੀ ਚੰਚਲਤਾ, ਮਨ ਅਤੇ ਤੀਸਰੀ ਅੱਖ, ਆਦਿ ਬਾਰੇ ਕਈ ਸੁਆਲ ਵੀ ਕੀਤੇ ਗਏ ਜਿਨ੍ਹਾਂ ਦੇ ਜੁਆਬ ਡਾ. ਰਵੀ ਵੱਲੋਂ ਬੜੇ ਵਿਸਥਾਰ ਸਹਿਤ ਤਸੱਲੀਪੂਰਵਕ ਦਿੱਤੇ ਗਏ। ਅਖ਼ੀਰ ਵਿੱਚ ਡਾ. ਸੁਖਦੇਵ ਸਿੰਘ ਝੰਡ ਅਤੇ ਯਸ਼ ਦੱਤਾ ਵੱਲੋਂ ਡਾ. ਰਵੀ ਹੁਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਭਾਸ਼ਨ ਰਾਹੀਂ ਮੈਂਬਰਾਂ ਨੂੰ ਸਰੀਰ ਤੇ ਮਨ ਬਾਰੇ ਬਹੁ-ਮੁੱਲੀ ਜਾਣਕਾਰੀ ਪ੍ਰਦਾਨ ਕੀਤੀ।

RELATED ARTICLES
POPULAR POSTS