ਕਿਹਾ, ਕਾਂਗਰਸ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ
ਚੰਡੀਗੜ੍ਹ/ਬਿਊਰੋ ਨਿਊਜ਼
ਡਰੱਗ ਮਾਮਲੇ ਵਿਚ ਘਿਰੇ ਬਿਕਰਮ ਮਜੀਠੀਆ ਨੂੰ ਲੰਘੇ ਕੱਲ੍ਹ ਹਾਈਕੋਰਟ ਨੇ ਰਾਹਤ ਦਿੱਤੀ ਸੀ ਅਤੇ ਤਿੰਨ ਦਿਨਾਂ ਤੱਕ ਮਜੀਠੀਆ ਦੀ ਗਿ੍ਰਫਤਾਰੀ ’ਤੇ ਰੋਕ ਲਗਾ ਦਿੱਤੀ ਸੀ। ਇਸਦੇ ਚੱਲਦਿਆਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ’ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੱਸਣ ਕਿ ਕੀ ਮਜੀਠੀਆ ਅਤੇ ਖਹਿਰਾ ਲਈ ਵੱਖਰੇ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੇ ਜੇਲ੍ਹ ਵਿਚ ਹੋਣ ਦੇ ਬਾਵਜੂਵ ਵੀ ਉਸ ਨੂੰ ਟਿਕਟ ਦਿੱਤੀ ਗਈ ਹੈ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਜਬਰ ਜਨਾਹ ਵਰਗੇ ਗੰਭੀਰ ਆਰੋਪ ਲੱਗੇ ਹਨ ਅਤੇ ਉਨ੍ਹਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਨਿਕਲਣ ਦੇ ਬਾਵਜੂਦ ਗਿ੍ਰਫਤਾਰੀ ਨਹੀਂ ਹੋ ਰਹੀ ਹੈ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਉਨ੍ਹਾਂ ਡੀਜੀਪੀ ਚਟੋਪਾਧਿਆਏ ’ਤੇ ਗੰਭੀਰ ਆਰੋਪ ਲਗਾਏ ਅਤੇ ਕਿਹਾ ਕਿ ਚਟੋਪਾਧਿਆ ਦੇ ਕਹਿਣ ’ਤੇ ਹੀ ਮੇਰੇ ਖਿਲਾਫ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਨੇ ਸਾਰਾ ਜ਼ੋਰ ਲਗਾਇਆ ਹੋਇਆ ਹੈ ਕਿ ਮਜੀਠੀਆ ਪੰਜਾਬ ਵਿਧਾਨ ਸਭਾ ਦੀ ਚੋਣ ਨਾ ਲੜ ਸਕੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਪਰ ਜਿੱਤ ਸੱਚ ਦੀ ਹੋਵੇਗੀ।