ਸਿੱਧੂ ਦੀ ਭਾਲ ਕਰਨ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਜੋ ਕਿ ਕਾਂਗਰਸ ਦੇ ਅੰਦਰੂਨੀ ਵਿਵਾਦ ਕਾਰਨ ਦਿੱਲੀ ਵਿਚ ਹਨ, ਦੀ ਭਾਲ ਵਾਸਤੇ ਉਨ੍ਹਾਂ ਦੇ ਹਲਕੇ ਅੰਮ੍ਰਿਤਸਰ ਪੂਰਬੀ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਹਨ। ਉਨ੍ਹਾਂ ਦੀ ਭਾਲ ਕਰਨ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਹਾਲਾਂਕਿ ਇਨ੍ਹਾਂ ਪੋਸਟਰਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ।
ਇਹ ਪੋਸਟਰ ਜੌੜਾ ਫਾਟਕ ਰੇਲ ਹਾਦਸੇ ਨਾਲ ਸਬੰਧਤ ਪੀੜਤਾਂ ਦੀ ਰਿਹਾਇਸ਼ ਵਾਲੇ ਇਲਾਕੇ ਵਿੱਚ ਲਾਏ ਗਏ ਹਨ ਜੋ ਸਿੱਧੂ ਦੇ ਹਲਕੇ ਦਾ ਹਿੱਸਾ ਹੈ। ਸਾਲ 2018 ਵਿਚ ਦੁਸਹਿਰੇ ਦੀ ਰਾਤ ਵਾਪਰੇ ਰੇਲ ਹਾਦਸੇ ਵਿੱਚ 60 ਵਿਅਕਤੀ ਮਾਰੇ ਗਏ ਸਨ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ ਸਨ। ਉਸ ਵੇਲੇ ਸਿੱਧੂ ਨੇ ਇਨ੍ਹਾਂ ਪੀੜਤਾਂ ਨੂੰ ਅਪਣਾਉਣ ਅਤੇ ਇਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਇਹ ਪੋਸਟਰ ਲਾਉਣ ਵਾਲੀ ਜਥੇਬੰਦੀ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਨੇ ਦੱਸਿਆ ਕਿ ਉਨ੍ਹਾਂ ਰੇਲ ਹਾਦਸੇ ਨਾਲ ਪੀੜਤਾਂ ਦੇ ਇਸ ਇਲਾਕੇ ਵਿਚ ਲਗਪਗ 150 ਪੋਸਟਰ ਲਾਏ ਹਨ, ਜਿਨ੍ਹਾਂ ਨੂੰ ਬਾਅਦ ਵਿਚ ਸਿੱਧੂ ਦੇ ਸਮਰਥਕਾਂ ਨੇ ਉਤਾਰ ਦਿੱਤਾ।
ਉਨ੍ਹਾਂ ਆਖਿਆ ਕਿ ਕਾਂਗਰਸੀ ਵਿਧਾਇਕ ਲੰਮੇ ਸਮੇਂ ਤੋਂ ਆਪਣੇ ਹਲਕੇ ‘ਚੋਂ ਗੈਰਹਾਜ਼ਰ ਹੈ ਜਿਸ ਕਾਰਨ ਹਲਕੇ ਦਾ ਮਾੜਾ ਹਾਲ ਹੈ। ਕਰੋਨਾ ਦੇ ਮਾੜੇ ਦੌਰ ‘ਚ ਲੋਕਾਂ ਨੂੰ ਆਪਣੇ ਨੁਮਾਇੰਦੇ ਦੀ ਲੋੜ ਹੈ ਪਰ ਉਹ ਗੈਰਹਾਜ਼ਰ ਹੈ। ਹਲਕੇ ਵਿਚ ਸੜਕਾਂ ਤੇ ਗੱਲੀਆਂ ਟੁੱਟੀਆਂ ਹਨ, ਸਫਾਈ ਦਾ ਮੰਦਾ ਹਾਲ ਹੈ, ਲੋਕਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਇਲਾਕਾ ਵਾਸੀ ਦੀਪਕ ਨੇ ਵਿਅੰਗ ਕਰਦਿਆਂ ਆਖਿਆ ਕਿ ਹਲਕੇ ਦੇ ਲੋਕਾਂ ਨੇ ਉਸ ਨੂੰ ਜਿਤਾਉਣ ਲਈ ‘ਤਾਲੀ ਠੋਕੀ’ ਸੀ ਪਰ ਉਨ੍ਹਾਂ ਨੂੰ ਮਿਲਿਆ ਕਿ ‘ਬਾਬਾ ਜੀ ਕਾ ਠੁਲੂ।’
ਪਹਿਲਾਂ ਵੀ ਲੱਗ ਚੁੱਕੇ ਹਨ ਸਿੱਧੂ ਦੇ ਗੁੰਮਸ਼ੁਦਗੀ ਪੋਸਟਰ
ਸਿੱਧੂ ਦੇ ਲਾਪਤਾ ਹੋਣ ਸਬੰਧੀ ਪਹਿਲਾਂ ਵੀ ਅਜਿਹੇ ਪੋਸਟਰ ਲੱਗ ਚੁੱਕੇ ਹਨ। ਇਸ ਤੋਂ ਪਹਿਲਾਂ ਸਤੰਬਰ 2009 ਵਿਚ ਜਦੋਂ ਉਹ ਸੰਸਦ ਮੈਂਬਰ ਸੀ ਤਾਂ ਕਾਂਗਰਸ ਵੱਲੋਂ ਇਸ ਅਜਿਹੇ ਪੋਸਟਰ ਲਾਏ ਗਏ ਸਨ। ਇਸ ਤੋਂ ਬਾਅਦ ਅਗਸਤ 2013 ਤੇ ਜੁਲਾਈ 2019 ‘ਚ ਵੀ ਅਜਿਹੇ ਪੋਸਟਰ ਲੱਗ ਚੁੱਕੇ ਹਨ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …