ਕਨੱਈਆ ਕੁਮਾਰ ਨੇ ਮੋਦੀ ਸਰਕਾਰ ‘ਤੇ ਕੀਤੇ ਤਿੱਖੇ ਹਮਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਕਿਹਾ ਹੈ ਕਿ ਅਜੋਕੇ ਸਮੇਂ ਦੇਸ਼ ਦੀਆਂ ਸੰਵਿਧਾਨਕ ਅਤੇ ਬੁਨਿਆਦੀ ਕਦਰਾਂ ਕੀਮਤਾਂ ਖ਼ਤਰੇ ਵਿੱਚ ਹਨ। ਆਪਣੇ ਸੌੜੇ ਉਦੇਸ਼ਾਂ ਵਾਸਤੇ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜੋ ਦੇਸ਼ ਵਾਸਤੇ ਘਾਤਕ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਨ੍ਹੱਈਆ ਕੁਮਾਰ ਨੇ ਆਖਿਆ ਕਿ ਸੰਵਿਧਾਨ ਅਤੇ ਜਮਹੂਰੀ ਸੰਸਥਾਵਾਂ ਨਾਲ ਛੇੜਛਾੜ ਕੀਤੀ ਗਈ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਦੇ ਐਲਾਨ ਵਾਸਤੇ ਚੋਣ ਕਮਿਸ਼ਨ ਨੂੰ ‘ਸਾਹਿਬ ਜੀ’ (ਨਰਿੰਦਰ ਮੋਦੀ) ਨੇ ਆਪਣੀ ਸਹੂਲਤ ਵਾਸਤੇ ਵਰਤਿਆ। ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਆਖਿਆ ਕਿ ਲੋਕਤੰਤਰ ਤੋਂ ਕਿਨਾਰਾ ਕਰਕੇ ਪ੍ਰਚਾਰਤੰਤਰ ਅਪਣਾਇਆ ਜਾ ਰਿਹਾ ਹੈ। ਨਰਿੰਦਰ ਮੋਦੀ ਨੇ ‘ਨਾ ਹੀ ਬੋਲਾਂਗਾ ਤੇ ਨਾ ਕਿਸੇ ਨੂੰ ਬੋਲਣ ਦੇਵਾਂਗਾ’ ਦੀ ਨੀਤੀ ਅਪਣਾਈ ਹੋਈ ਹੈ। ਨੋਟਬੰਦੀ ਦੌਰਾਨ ਸੌ ਤੋਂ ਵੱਧ ਮੌਤਾਂ ਹੋਈਆਂ। ਪ੍ਰਧਾਨ ਮੰਤਰੀ ਇਸ ਮੁੱਦੇ ‘ਤੇ ਖ਼ੁਦ ਤਾਂ ਚੁੱਪ ਹਨ, ਸਗੋਂ ਕਿਸੇ ਨੂੰ ਬੋਲਣ ਵੀ ਨਹੀਂ ਦੇ ਰਹੇ। ਵਰਤਮਾਨ ਸਮੇਂ ਵਿੱਚ ਵਿਚਾਰਾਂ ਨੂੰ ਅਜ਼ਾਦੀ ਨਾਲ ਪ੍ਰਗਟ ਨਹੀਂ ਕੀਤਾ ਜਾ ਸਕਦਾ। ਪ੍ਰਚਾਰਤੰਤਰ ਸਹਾਰੇ ਪ੍ਰਧਾਨ ਮੰਤਰੀ ਦੀ ਆਲੋਚਨਾ ਨੂੰ ‘ਹਿੰਦੂ ਧਰਮ’, ‘ਦੇਸ਼’ ਅਤੇ ‘ਫੌਜ’ ਦੀ ਆਲੋਚਨਾ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
ਵਿਦਿਆਰਥੀ ਆਗੂ ਨੇ ਕਿਹਾ ਕਿ ਸੱਤਾ ਖ਼ਿਲਾਫ਼ ਬੋਲਣ ਵਾਲਿਆਂ ਨੂੰ ਮੁਕੱਦਮਿਆਂ ਨਾਲ ਡਰਾਇਆ ਜਾ ਰਿਹਾ ਹੈ। ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੀ ਮਿਸਾਲ ਦਿੰਦਿਆਂ ਵਿਦਿਆਰਥੀ ਆਗੂ ਨੇ ਆਖਿਆ ਕਿ ਮੁਕੱਦਮਿਆਂ ਤੋਂ ਨਾ ਡਰਨ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਧਰਮ, ਜਾਤ ਜਾਂ ਹੋਰ ਪਛਾਣ ਦੇ ਆਧਾਰ ‘ਤੇ ਭੇਦਭਾਵ ਅਤੇ ਨਫਰਤ ਨਾਲ ਦੇਸ਼ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਅੱਜ ਸਾਡੇ ਵਾਸਤੇ ਵੱਡਾ ਮੁੱਦਾ ਬਣ ਕੇ ਉੱਭਰਿਆ ਹੈ। ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਬਜਾਏ ਸਰਕਾਰ ਸਮਾਜ ਨੂੰ ਭਟਕਾ ਰਹੀ ਹੈ, ਜਿਸ ਨਾਲ ਦੇਸ਼ ਵਿਕਾਸ ਦੀ ਬਜਾਏ ਵਿਨਾਸ਼ ਵੱਲ ਜਾਵੇਗਾ। ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਬਜਾਏ ਸਰਕਾਰ ਜਨਤਾ ਨੂੰ ਬੇਲੋੜੀ ਬਹਿਸ ਵਿੱਚ ਸੁੱਟ ਰਹੀ ਹੈ। ਮੋਦੀ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਭ੍ਰਿਸ਼ਟਾਚਾਰ, ਮਹਿੰਗਾਈ, ਕਾਲਾ ਧਨ, ਔਰਤਾਂ ‘ਤੇ ਹੁੰਦੇ ਅੱਤਿਆਚਾਰਾਂ ਅਤੇ ਕਿਸਾਨ ਖ਼ੁਦਕੁਸ਼ੀ ਵਰਗੇ ਮੁੱਦਿਆਂ ਤੋਂ ਛੁਟਕਾਰਾ ਦਿਵਾਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਪਿਛਲੇ ਸਮੇਂ ਵਿੱਚ ਰਾਮ ਦੀ ਵੱਡੀ ਮੂਰਤੀ ਬਣਾਉਣ, ਘਰ ਵਾਪਸੀ, ਗੰਗਾ ਦੀ ਸਫ਼ਾਈ ਵਰਗੇ ਮੁੱਦਿਆਂ ਨੂੰ ਪ੍ਰਚਾਰਿਆ ਜਾ ਰਿਹਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਮੋਦੀ ਸਰਕਾਰ ਦੀ ਤੁਲਨਾ ਰਾਵਣ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਅੱਗੇ ਇਕ ਚਿਹਰੇ ਨੂੰ ਪੇਸ਼ ਕਰ ਕੇ ਪਿੱਛੋਂ ਕਈ ਹੋਰ ਚਿਹਰੇ ਲੁਕ-ਛਿਪ ਕੇ ਦੇਸ਼ ਚਲਾ ਰਹੇ ਹਨ।
ਕਨ੍ਹੱਈਆ ਕੁਮਾਰ ਨੇ ਨੋਟੰਬਦੀ ਅਤੇ ਜੀਐੱਸਟੀ ਨੂੰ ਵੱਡੇ ਉਦਯੋਗਪਤੀਆਂ ਦੇ ਹੱਕ ਵਿੱਚ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵੱਡੇ ਉਦਯੋਗਪਤੀਆਂ ਦੇ ਫਾਇਦੇ ਵਾਸਤੇ ਮੋਦੀ ਸਰਕਾਰ ਨੇ ਇਹ ਦੋ ਨੀਤੀਆਂ ਘੜੀਆਂ।
ਇਨ੍ਹਾਂ ਨਾਲ ਵੱਡੇ ਉਦਯੋਗਪਤੀਆਂ ਨੇ ਛੋਟੇ-ਛੋਟੇ ਉਦਯੋਗਾਂ ਅਤੇ ਹੋਰਾਂ ਨੂੰ ਨਿਗਲ ਲਿਆ। ਮੋਦੀ ਸਰਕਾਰ ਨੇ ਇਸ ਵਿੱਚ ਉਦਯੋਗਪਤੀਆਂ ਦੀ ਮਦਦ ਕੀਤੀ।