ਬਠਿੰਡਾ/ਬਿਊਰੋ ਨਿਊਜ਼ : ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਲਈ ਹੁਣ ਬਠਿੰਡਾ ਤੋਂ ਵਾਇਆ ਦਿੱਲੀ ਉਡਾਣ ਸ਼ੁਰੂ ਹੋਵੇਗੀ। ਏਅਰ ਇੰਡੀਆ ਵੱਲੋਂ 19 ਨਵੰਬਰ ਤੋਂ ਦਿੱਲੀ-ਨਾਂਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਜੋ ਕੁਨੈਕਟਿਡ ਫਲਾਈਟ ਵਜੋਂ ਬਠਿੰਡਾ ਹਵਾਈ ਅੱਡੇ ਨਾਲ ਜੁੜੇਗੀ।
ਬਠਿੰਡਾ-ਦਿੱਲੀ ਹਵਾਈ ਉਡਾਣ ਅਤੇ ਦਿੱਲੀ ਨਾਂਦੇੜ ਉਡਾਣ ਦਾ ਸਮਾਂ ਆਪਸ ਵਿਚ ਮੇਲ ਖਾ ਰਿਹਾ ਹੈ। ਕੁਨੈਕਟਿਡ ਫਲਾਈਟ ਰਾਹੀਂ ਸ਼ਰਧਾਲੂ ਹੁਣ ਬਠਿੰਡਾ ਤੋਂ ਨਾਂਦੇੜ ਸਾਹਿਬ ਜਾ ਸਕਣਗੇ। ਫ਼ਿਲਹਾਲ ਇਹ ਕੁਨੈਕਟਿਡ ਫਲਾਈਟ ਇੱਕਤਰਫਾ ਹੀ ਹੋਵੇਗੀ ਅਤੇ ਵਾਪਸੀ ਲਈ ਇਹ ਸੁਵਿਧਾ ਅਜੇ ਦੂਰ ਜਾਪਦੀ ਹੈ। ਏਅਰ ਇੰਡੀਆ ਵੱਲੋਂ ਚੰਡੀਗੜ੍ਹ ਤੋਂ ਨਾਂਦੇੜ ਲਈ ਵਾਇਆ ਦਿੱਲੀ ਵੀ ਕੁਨੈਕਟਿਡ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।
ਬਠਿੰਡਾ ਤੋਂ ਦਿੱਲੀ ਲਈ ਜੋ ਹਫ਼ਤੇ ਵਿਚ ਤਿੰਨ ਦਿਨ ਉਡਾਣ ਹੁੰਦੀ ਸੀ, ਉਹ 16 ਜੁਲਾਈ ਤੋਂ ਵਧਾ ਕੇ ਹਫ਼ਤੇ ਵਿਚ ਚਾਰ ਦਿਨ ਕਰ ਦਿੱਤੀ ਗਈ ਹੈ। ਪਹਿਲਾਂ ਹਫ਼ਤੇ ਵਿਚ ਤਿੰਨ ਦਿਨ ਬਠਿੰਡਾ-ਦਿੱਲੀ ਉਡਾਣ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਹੁੰਦੀ ਸੀ ਅਤੇ ਹੁਣ ਸੋਮਵਾਰ ਵਾਲੇ ਦਿਨ ਵੀ ਉਡਾਣ ਕਰ ਦਿੱਤੀ ਗਈ ਹੈ।
ਬਠਿੰਡਾ ਤੋਂ ਜਹਾਜ਼ 11.10 ਵਜੇ ਦਿੱਲੀ ਲਈ ਉਡਾਣ ਭਰਦਾ ਹੈ ਜੋ12.10 ਉੱਤੇ ਦਿੱਲੀ ਪੁੱਜ ਜਾਂਦਾ ਹੈ। ਅੱਗਿਓਂ ਦਿੱਲੀ ਤੋਂ ਨਾਂਦੇੜ ਲਈ ਉਡਾਣ ਦਾ ਸਮਾਂ 3.20 ਵਜੇ ਦਾ ਹੈ।
ਬਠਿੰਡਾ ਖ਼ਿੱਤੇ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਹਾ ਮਿਲੇਗਾ। ਬਠਿੰਡਾ ਹਵਾਈ ਅੱਡੇ ਦੇ ਟਰਮੀਨਲ ਮੈਨੇਜਰ ਸਚਿਨ ਕੁਮਾਰ ਦਾ ਕਹਿਣਾ ਸੀ ਕਿ ਹੁਣ ਬਠਿੰਡਾ ਤੋਂ ਹਵਾਈ ਰਸਤੇ ਯਾਤਰੀ ਕੁਨੈਕਟਿਡ ਉਡਾਣ ਜ਼ਰੀਏ ਵਾਇਆ ਦਿੱਲੀ- ਨਾਂਦੇੜ ਜਾਣ ਲਈ ਇੱਕ ਟਿਕਟ ਦੀ ਸਹੂਲਤ ਵੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਰਕੇ ਦਾ ਕਹਿਣਾ ਸੀ ਕਿ ਸਿੱਖ ਤਖ਼ਤਾਂ ਨੂੰ ਹਵਾਈ ਸੇਵਾ ਜ਼ਰੀਏ ਆਪਸ ਵਿਚ ਜੋੜਿਆ ਜਾਣਾ ਚਾਹੀਦਾ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …