Breaking News
Home / ਪੰਜਾਬ / ਫ਼ਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਿੰਦਰ ਕੌਰ ਦਾ ਦੇਹਾਂਤ

ਫ਼ਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਿੰਦਰ ਕੌਰ ਦਾ ਦੇਹਾਂਤ

ਫ਼ਰੀਦਕੋਟ/ਬਿਊਰੋ ਨਿਊਜ਼ : ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਪੁੱਤਰੀ ਮਹਾਰਾਣੀ ਦੀਪਿੰਦਰ ਕੌਰ (82 ਸਾਲ) ਦਾ ਇੱਥੇ ਰਾਜ ਮਹਿਲ ਵਿੱਚ ਦੇਹਾਂਤ ਹੋ ਗਿਆ। ਮਹਾਰਾਣੀ ਦੀਪਿੰਦਰ ਕੌਰ ਰਾਜਾ ਹਰਿੰਦਰ ਸਿੰਘ ਵੱਲੋਂ ਫ਼ਰੀਦਕੋਟ ਰਿਆਸਤ ਦੀਆਂ ਜਾਇਦਾਦਾਂ ਸਾਂਭਣ ਲਈ ਬਣਾਏ ਗਏ ਮਹਾਰਾਵਲ ਖੇਵਾਜੀ ਟਰੱਸਟ ਦੇ ਚੇਅਰਪਰਸਨ ਸਨ। ਰਾਜਕੁਮਾਰੀ ਦੀਪਿੰਦਰ ਕੌਰ ਦਾ ਵਿਆਹ 1959 ਵਿਚ ਵਰਧਮਾਨ ਰਿਆਸਤ (ਪੱਛਮੀ ਬੰਗਾਲ) ਦੇ ਮਹਾਰਾਜਾ ਬੀਰ ਜੈ ਵਰਧਨ ਦੇ ਵੱਡੇ ਪੁੱਤਰ ਸਦਾ ਚੰਦ ਮਹਿਤਾਬ ਨਾਲ ਹੋਇਆ ਸੀ। ਮਹਾਰਾਣੀ ਦੇ ਦੇਹਾਂਤ ਮੌਕੇ ਉਨ੍ਹਾਂ ਦੀ ਪੁੱਤਰੀ ਨਿਸ਼ਾ ਅਤੇ ਪੁੱਤਰ ਜੈ ਚੰਦ ਮਹਿਤਾਬ ਸ਼ਾਹੀ ਮਹਿਲ ਵਿੱਚ ਮੌਜੂਦ ਸਨ। ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਅੰਤਿਮ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਤਿੰਨ ਪੁੱਤਰੀਆਂ ਸਨ। ਇਨ੍ਹਾਂ ਵਿਚ ਸਭ ਤੋਂ ਛੋਟੀ ਮਹੀਪਇੰਦਰ ਕੌਰ ਦੀ 16 ਸਾਲ ਪਹਿਲਾਂ ਮੌਤ ਹੋ ਗਈ ਸੀ ਜਦਕਿ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਮਹਾਰਾਜਾ ਨੇ ਵਸੀਅਤ ਵਿਚੋਂ ਬੇਦਖ਼ਲ ਕਰ ਦਿੱਤਾ ਸੀ। ਫ਼ਰੀਦਕੋਟ ਰਿਆਸਤ ਦੀਆਂ ਦੇਸ਼-ਵਿਦੇਸ਼ ਵਿੱਚ ਲਗਭਗ 20 ਹਜ਼ਾਰ ਕਰੋੜ ਮੁੱਲ ਦੀਆਂ ਜਾਇਦਾਦਾਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਲਈ ਹੀ ਮਹਾਰਾਵਲ ਖੇਵਾ ਜੀ ਟਰੱਸਟ ਬਣਾਇਆ ਗਿਆ ਸੀ। ਕੁਝ ਸਮਾਂ ਪਹਿਲਾਂ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਰਿਆਸਤੀ ਜਾਇਦਾਦ ਬਾਰੇ ਕੀਤੀ ਵਸੀਅਤ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਤੇ 21 ਨਵੰਬਰ ਇਸ ਮਾਮਲੇ ਦੀ ਮੁੜ ਸੁਣਵਾਈ ਸ਼ੁਰੂ ਹੋ ਰਹੀ ਹੈ। ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 16 ਅਕਤੂਬਰ 1989 ਨੂੰ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਇਕਲੌਤੇ ਬੇਟੇ ਹਰਮੋਹਿੰਦਰ ਸਿੰਘ ਦੀ 1981 ਵਿੱਚ ਦਿੱਲੀ ਵਿੱਚ ਮੌਤ ਹੋ ਗਈ ਸੀ। ਮਹਾਰਾਣੀ ਦੀਪਿੰਦਰ ਕੌਰ 17 ਅਕਤੂਬਰ 2018 ਨੂੰ ਸ਼ਾਹੀ ਮਹਿਲ ਵਿੱਚ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਏ ਸਨ। ਉਹ ਜ਼ਿਆਦਾਤਰ ਵਰਧਮਾਨ (ਪੱਛਮੀ ਬੰਗਾਲ) ਵਿੱਚ ਹੀ ਰਹਿੰਦੇ ਸਨ ਅਤੇ ਸਿਰਫ਼ ਅਕਤੂਬਰ ਮਹੀਨੇ ਵਿੱਚ ਹੀ ਇੱਥੇ ਆਉਂਦੇ ਸਨ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …