ਵਿਰੋਧੀ ਪੰਜਾਬ ਦਾ ਮਾਹੌਲ ਕਰ ਰਹੇ ਹਨ ਖਰਾਬ : ਕੇਜਰੀਵਾਲ
ਪਟਿਆਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅੱਜ ਪਟਿਆਲਾ ਵਿਚ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਵਲੋਂ ਘਟੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਮਾਹੌਲ ਖਰਾਬ ਹੋ ਸਕੇ। ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਦਾ ਮਾਸਟਰ ਮਾਈਂਡ ਅਜੇ ਤੱਕ ਫੜਿਆ ਕਿਉਂ ਨਹੀਂ ਗਿਆ। ਕੇਜਰੀਵਾਲ ਨੇ ਕਿਹਾ ਕਿ ਜੇਕਰ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ ਤਾਂ ਅਜਿਹੀਆਂ ਘਟਨਾਵਾਂ ਮੁੜ ਨਹੀਂ ਸੀ ਵਾਪਰਨੀਆਂ। ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਤਿੰਨ ਕਰੋੜ ਪੰਜਾਬੀਆਂ ਨੂੰ ਇਕੱਠੇ ਹੋਣਾ ਪਵੇਗਾ। ਕੇਜਰੀਵਾਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਮਜ਼ੋਰ ਸਰਕਾਰ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਨੇਤਾ ਆਪਸ ਵਿਚ ਸੀਐਮ ਦੀ ਕੁਰਸੀ ਨੂੰ ਲੈ ਕੇ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੀ ਫਿਕਰ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਫੇਲ ਸਾਬਤ ਹੋਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਹ ਪੂਰੇ ਪੰਜਾਬੀਆਂ ਦਾ ਸ਼ਾਂਤੀ ਮਾਰਚ ਹੈ। ਅੱਜ ਦੇ ਸ਼ਾਂਤੀ ਮਾਰਚ ਵਿਚ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਹੀ ਰਹੇ। ਸਿਆਸੀ ਮਾਹਿਰ ਤਾਂ ਅੰਦਾਜ਼ੇ ਵੀ ਲਗਾ ਰਹੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਸੀਐਮ ਚਿਹਰਾ ਭਗਵੰਤ ਮਾਨ ਹੀ ਹੋ ਸਕਦਾ ਹੈ।