ਸਿੱਖ ਕੈਦੀ ਦੀ ਪਿੱਠ ’ਤੇ ਗਰਮ ਸਰੀਏ ਨਾਲ ਲਿਖ ਦਿੱਤਾ ਅੱਤਵਾਦੀ
ਬਰਨਾਲਾ/ਬਿਊਰੋ ਨਿਊਜ਼
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਜੇਲ੍ਹ ਪ੍ਰਸ਼ਾਸਨ ਦੀ ਇਕ ਘਿਨੌਣੀ ਹਰਕਤ ਸਾਹਮਣੇ ਆਈ ਹੈ। ਮਾਨਸਾ ’ਚ ਨਸ਼ਾ ਤਸਕਰੀ ਦੇ ਇਕ ਮਾਮਲੇ ’ਚ ਪੇਸ਼ੀ ਭੁਗਤਣ ਆਏ ਕੈਦੀ ਨੇ ਆਰੋਪ ਲਗਾਇਆ ਕਿ ਜੇਲ੍ਹ ’ਚ ਉਸ ਦੇ ਨਾਲ ਜੇਲ੍ਹ ਅਧਿਕਾਰੀਆਂ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਅਤੇ ਉਸ ਦੀ ਪਿੱਠ ’ਤੇ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ। ਲੰਘੀ 24 ਅਕਤੂਬਰ ਨੂੰ ਵਾਪਰੀ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਨਸਾ ਵਿਖੇ ਇਕ ਕੇਸ ਵਿਚ ਪੇਸ਼ੀ ਭੁਗਤਣ ਆਏ ਕਰਮਜੀਤ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਨੇ ਜੱਜ ਅਤੇ ਪੱਤਰਕਾਰਾਂ ਸਾਹਮਣੇ ਆਪਣੇ ਨਾਲ ਵਾਪਰੀ ਘਟਨਾ ਦਾ ਬਿਆਨ ਕੀਤਾ। ਉਸ ਨੇ ਦੱਸਿਆ ਕਿ ਜੇਲ੍ਹ ’ਚ ਕੈਦੀਆਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਜਦੋਂ ਕੁੱਝ ਕੈਦੀਆਂ ਵੱਲੋਂ ਇਸ ਸਬੰਧੀ ਰੋਸ ਪ੍ਰਗਟਾਇਆ ਤਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਜਦੋਂ ਕਰਮਜੀਤ ਸਿੰਘ ਨੇ ਕੈਦੀਆਂ ਦੇ ਹੱਕ ਵਿਚ ਅਵਾਜ਼ ਉਠਾਈ ਤਾਂ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਤੇਰੇ ਖਿਆਲ ਅੱਤਵਾਦੀਆਂ ਵਾਲੇ ਹਨ। ਇਸ ਸਾਰੀ ਘਟਨਾ ਦੀ ਜਾਂਚ ਲਈ ਜੱਜ ਨੇ ਕੈਦੀ ਵੱਲੋਂ ਲਿਖੀ ਅਰਜੀ ਬਰਨਾਲਾ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਭੇਜ ਦਿੱਤੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …