ਕਿਹਾ : ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਏਅਰ ਫੋਰਸ ਡੇਅ ਮੌਕੇ ਅੱਜ ਚੰਡੀਗੜ੍ਹ ’ਚ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੇ ਹਵਾਈ ਫੌਜ ਸਬੰਧੀ ਕਈ ਵੱਡੇ ਐਲਾਨ ਕੀਤੇ। ਜਿਨ੍ਹਾਂ ’ਚ ਸਭ ਤੋਂ ਮਹੱਤਵਪੂਰਨ ਹੈ ਅਤਿ-ਆਧੁਨਿਕ ਹਥਿਆਰਾਂ ਦੇ ਰੱਖ-ਰਖਾਅ ਲਈ ਨਵੀਂ ਬ੍ਰਾਂਚ ‘ਦਿਸ਼ਾ’ ਦਾ ਗਠਨ ਕੀਤਾ ਜਾਵੇਗਾ। ਇਸ ਦੇ ਬਣਨ ਨਾਲ 3400 ਕਰੋੜ ਰੁਪਏ ਦੀ ਬਚਤ ਹੋਵੇਗੀ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਐਲਾਨ ਕੀਤਾ ਕਿ ਨਵੀਂ ‘ਵੈਪਨ ਸਿਸਟਮ ਬ੍ਰਾਂਚ’ ਸਾਡੇ ਕੋਲ ਮੌਜੂਦ ਸਾਰੇ ਨਵੀਨਤਮ ਹਥਿਆਰ ਪ੍ਰਣਾਲੀ ਦੀ ਸਾਂਭ-ਸੰਭਾਲ ਕਰੇਗੀ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸਾਲ ਵੱਡੀ ਬੱਚਤ ਹੋਵੇਗੀ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਦੱਸਿਆ ਕਿ ਦਸੰਬਰ ’ਚ 3000 ‘ਅਗਨੀਵੀਰ ਵਾਯੂ’ ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸ਼ੁਰੂਆਤੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀ ਗਿਣਤੀ ਅਗਲੇ ਸਾਲਾਂ ’ਚ ਹੋਰ ਵਧੇਗੀ। ਅਗਲੇ ਸਾਲ ਤੋਂ ਅਸੀਂ ਮਹਿਲਾ ਅਗਨੀਵੀਰਾਂ ਦੀ ਭਰਤੀ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ। ਇਸ ਮੌਕੇ ਭਾਰਤੀ ਹਵਾਈ ਫੌਜ ਲਈ ਨਵੀਂ ਵਰਦੀ ਵੀ ਲਾਂਚ ਕੀਤੀ ਗਈ।