ਸਿੰਘ ਸਾਹਿਬਾਨਾਂ ਨੇ ਆਨੰਦ ਕਾਰਜ ਸਮੇਂ ਲਹਿੰਗਾ ਅਤੇ ਘੱਗਰਾ ਪਾਉਣ ’ਤੇ ਲਗਾਈ ਰੋਕ
ਵਿਆਹ ਵਾਲੇ ਕਾਰਡ ’ਤੇ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਅਤੇ ਕੌਰ ਲਿਖਣਾ ਵੀ ਹੋਇਆ ਜ਼ਰੂਰੀ
ਅੰਮਿ੍ਰਤਸਰ/ਬਿਊਰੋ ਨਿਊਜ਼ :
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵਿੰਦਰ ਸਿੰਘ ਨੇ ਆਨੰਦ ਕਾਰਜ ਦੌਰਾਨ ਸਿੱਖ ਬੀਬੀਆਂ ਦੇ ਲਹਿੰਗਾ ਜਾਂ ਘੱਗਰਾ ਪਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਜਥੇਦਾਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਅਤੇ ਇਸ ਫੈਸਲੇ ਨੂੰ ਜਥੇਦਾਰਾਂ ਨੇ ਤੁਰੰਤ ਲਾਗੂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੀ ਪਾਲਣਾ ਸਹੀ ਤਰੀਕੇ ਨਾਲ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਨੇ ਕਿਹਾ ਕਿ ਆਨੰਦ ਕਾਰਜ ਦੌਰਾਨ ਲੜਕੀ ਵੱਲੋਂ ਭਾਰੀ ਲਹਿੰਗਾ ਪਾਏ ਹੋਣ ਕਰਕੇ ਉਸ ਨੂੰ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਕਾਫੀ ਪ੍ਰੇਸ਼ਾਨੀ ਆਉਂਦੀ ਹੈ ਅਤੇ ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਸਿੱਖ ਰਹਿਤ ਮਰਿਆਦਾ ਅਨੁਸਾਰ ਆਨੰਦ ਕਾਰਜ ਸਮੇਂ ਲਹਿੰਗੇ ਦੀ ਬਜਾਏ ਸੂਟ ਹੀ ਪਹਿਨਿਆ ਜਾਵੇ। ਜਥੇਦਾਰ ਨੇ ਇਹ ਵੀ ਦੱਸਿਆ ਕਿ ਸਿੱਖਾਂ ਵੱਲੋਂ ਵਿਆਹ ਲਈ ਛਪਵਾਏ ਗਏ ਕਾਰਡ ਵਿਚ ਲਾੜਾ-ਲਾੜੀ ਦੇ ਨਾਵਾਂ ਅੱਗੇ ‘ਸਿੰਘ’ ਜਾਂ ‘ਕੌਰ’ ਨਾ ਲਿਖਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ।