ਜੰਮੂ ’ਚ ਤਲਾਬ ਜੰਮਿਆ ਅਤੇ ਪੰਜਾਬ ’ਚ ਵੀ ਠੰਡ ਹੋਰ ਵਧੀ
ਚੰਡੀਗੜ੍ਹ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਦੇ ਕਾਰਨ ਕਈ ਸੜਕਾਂ ਬੰਦ ਹਨ। ਹਿਮਾਚਲ ਵਿਚ ਦੋ ਹਾਈਵੇ ਸਣੇ 24 ਸੜਕਾਂ ’ਤੇ ਲਗਾਤਾਰ ਤੀਜੇ ਦਿਨ ਵੀ ਬੱਸਾਂ ਦੀ ਆਵਾਜਾਈ ਬੰਦ ਰਹੀ। ਨੈਸ਼ਨਲ ਹਾਈਵੇ 305 ’ਤੇ ਕਰੀਬ 1 ਫੁੱਟ ਤੱਕ ਬਰਫ ਸੀ ਅਤੇ ਪ੍ਰਸ਼ਾਸਨ ਬਰਫ ਹਟਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਬਰਫਬਾਰੀ ਦੇ ਚੱਲਦਿਆਂ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਦੇ ਸੋਪੋਰ ਵਿਚ ਹਰਿਤਾਰਾ ਇਲਾਕੇ ਵਿਚ ਬਣਿਆ ਇਕ ਤਲਾਬ ਪੂੁਰੀ ਤਰ੍ਹਾਂ ਜੰਮ ਗਿਆ। ਉਧਰ ਦੂਜੇ ਪਾਸੇ ਉਤਰਾਖੰਡ ਵਿਚ ਵੀ ਜੋਸ਼ੀਮੱਠ ਅਤੇ ਪਿਥੌਰਾਗੜ੍ਹ ਵਿਚ ਬਰਫਬਾਰੀ ਕਾਰਨ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਬੰਦ ਹਨ। ਇਸਦੇ ਚੱਲਦਿਆਂ ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ’ਚ ਮੀਂਹ ਵੀ ਪਿਆ ਹੈ, ਜਿਸ ਕਾਰਨ ਠੰਡ ਨੇ ਹੋਰ ਜ਼ੋਰ ਫੜ ਲਿਆ ਹੈ।