Breaking News
Home / ਭਾਰਤ / ਕਾਂਗਰਸ ਪ੍ਰਧਾਨ ਦੀ ਚੋਣ ਹੋਈ ਮੁਲਤਵੀ

ਕਾਂਗਰਸ ਪ੍ਰਧਾਨ ਦੀ ਚੋਣ ਹੋਈ ਮੁਲਤਵੀ

ਪਾਰਟੀ ਨੂੰ ਨਵਾਂ ਪ੍ਰਧਾਨ ਮਿਲਣ ਲਈ ਅਜੇ ਹੋਰ ਲੱਗੇਗਾ ਸਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ ‘ਚ ਹਾਲੇ 2-3 ਮਹੀਨੇ ਦਾ ਹੋਰ ਸਮਾਂ ਲੱਗੇਗਾ। ਦੇਸ਼ ‘ਚ ਕਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਵੱਖ-ਵੱਖ ਰਾਜਾਂ ‘ਚ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਕਾਂਗਰਸ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ।
ਜਾਣਕਾਰੀ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਲਈ ਨਾਮਜ਼ਦਗੀ ਦੀ ਆਖ਼ਰੀ ਤਾਰੀਕ 7 ਜੂਨ ਨੂੰ ਰੱਖਣ ਦਾ ਸੁਝਾਅ ਦਿੱਤਾ ਸੀ ਪਰ ਕਰੋਨਾ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਹੀਨੇ ‘ਚ ਦੂਜੀ ਵਾਰ ਬੁਲਾਈ ਸੀ.ਡਬਲਿਊ.ਸੀ. ਦੀ ਮੀਟਿੰਗ ‘ਚ ਪਹਿਲਾਂ ਤੋਂ ਨਿਸ਼ਚਿਤ ਕੀਤੀ ਗਈ ਤਾਰੀਕ 23 ਜੂਨ ਨੂੰ ਹੀ ਮੀਟਿੰਗ ਕਰਵਾਉਣ ਦਾ ਮਤਾ ਪੇਸ਼ ਕੀਤਾ ਗਿਆ ਪਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇਤਾਵਾਂ ਨੇ ਦੇਸ਼ ‘ਚ ਕਰੋਨਾ ਦੇ ਹਾਲਾਤ ਦਾ ਹਵਾਲਾ ਦਿੰਦਿਆਂ ਫਿਲਹਾਲ ਪਾਰਟੀ ਦੀਆਂ ਅੰਦਰੂਨੀ ਚੋਣਾਂ ਮੁਲਤਵੀ ਕਰਨ ਨੂੰ ਕਿਹਾ। ਮੀਟਿੰਗ ਤੋਂ ਬਾਅਦ ਪਾਰਟੀ ਆਗੂ ਕੇ.ਸੀ. ਵੇਨੂਗੋਪਾਲ ਅਤੇ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਨਹੀਂ ਕੀਤਾ ਗਿਆ।
ਸੀ.ਡਬਲਿਊ.ਸੀ. ਦੀ ਇਸ ਮੀਟਿੰਗ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ ਸ਼ਾਮਿਲ ਨਹੀਂ ਹੋਏ ਹਾਲਾਂਕਿ ਸੂਰਜੇਵਾਲਾ ਨੇ ਰਾਹੁਲ ਦੀ ਗ਼ੈਰ-ਮੌਜੂਦਗੀ ਦਾ ਕਾਰਨ ਕਰੋਨਾ ਨੂੰ ਦੱਸਦਿਆਂ ਕਿਹਾ ਕਿ ਉਹ ਅਜੇ ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਕਾਰਨ ਮੀਟਿੰਗ ‘ਚ ਸ਼ਾਮਲ ਨਹੀਂ ਹੋਏ।
ਪਾਰਟੀ ਦੀ ਕਾਰਗੁਜ਼ਾਰੀ ਬਾਰੇ ਘੋਖ ਕਰਨ ਦੀ ਲੋੜ : ਸੋਨੀਆ ਗਾਂਧੀ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੀਨੀਅਰ ਪਾਰਟੀ ਆਗੂਆਂ ਨੂੰ ਸੱਚਾਈ ਦਾ ਸਾਹਮਣਾ ਕਰਨ ਅਤੇ ਪਾਰਟੀ ਦੇ ਅੰਦਰ ਚੀਜ਼ਾਂ ਨੂੰ ਦਰੁਸਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਸੱਚਾਈ ਦਾ ਸਾਹਮਣਾ ਨਹੀਂ ਕਰਾਂਗੇ ਤਾਂ ਸਹੀ ਸਬਕ ਹਾਸਲ ਨਹੀਂ ਕਰ ਸਕਾਂਗੇ। ਸੋਨੀਆ ਗਾਂਧੀ ਨੇ ਹਾਲ ‘ਚ 4 ਰਾਜਾਂ ‘ਚ ਹੋਈ ਕਾਂਗਰਸ ਦੀ ਨਮੋਸ਼ੀਜਨਕ ਹਾਰ ਨੂੰ ਪਾਰਟੀ ਲਈ ਕੌੜਾ ਅਧਿਆਏ ਕਰਾਰ ਦਿੰਦਿਆਂ ਕਿਹਾ ਕਿ ਇਹ ਕਹਿਣਾ ਬਹੁਤ ਘੱਟ ਹੋਵੇਗਾ ਕਿ ਸਾਨੂੰ ਨਿਰਾਸ਼ਾ ਹੋਈ। ਸੋਨੀਆ ਗਾਂਧੀ ਨੇ ਆਸਾਮ, ਕੇਰਲ, ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ ‘ਚ ਹੋਈ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਘੋਖ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …