ਮਜੀਠੀਆ ਨੇ ‘ਆਪ’ ਅਤੇ ਕਾਂਗਰਸ ਪਾਰਟੀ ਨੂੰ ਗੱਠਜੋੜ ਦੀ ਦਿੱਤੀ ਵਧਾਈ
ਕਿਹਾ : ਦੋਵੇਂ ਪਾਰਟੀਆਂ ਮਿਲ ਕੇ ਹੁਣ ਪੰਜਾਬ ਦੇ ਹੜ੍ਹ ਪੀੜਤਾਂ ਦੀ ਲੈਣ ਸਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨੇ ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਬੰਗਲੁਰੂ ’ਚ ਹੋਏ ਗੱਠਜੋੜ ਦੀ ਵਧਾਈ ਵੀ ਦਿੱਤੀ। ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਹੁਣ ਮੂਰਖ ਨਾ ਬਣਾਉਣ ਅਤੇ ਇਹ ਨਾ ਕਹਿਣ ਕਿ ਉਨ੍ਹਾਂ ਦਾ ਕੋਈ ਸਮਝੋਤਾ ਨਹੀਂ ਹੋਇਆ। ਉਨ੍ਹਾਂ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਡਰਾਮੇ ਛੱਡ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ ਕਿਉਂਕਿ ਹੁਣ ਦੋਵੇਂ ਪਾਰਟੀਆਂ ਦਰਮਿਆਨ ਸਮਝੌਤਾ ਹੋ ਚੁੱਕਿਆ ਹੈ। ਉਨ੍ਹਾਂ ਰਾਜਾ ਵੜਿੰਗ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਲੰਘੇ ਦਿਨੀਂ ਕਿਹਾ ਸੀ ਕਿ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ 10-10 ਲੱਖ ਰੁਪਏ ਦੇਵੇ। ਉਨ੍ਹਾਂ ਰਾਜਾ ਵੜਿੰਗ ਨੂੰ ਪੁੱਛਿਆ ਕਿ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਸਮਝੌਤਾ ਹੋ ਚੁੱਕਿਆ ਹੈ ਕੀ ਉਹ ਹੁਣ ਹੜ੍ਹਾਂ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਭਾਈਵਾਲ ਸਰਕਾਰ ਪਾਸੋਂ 10-10 ਲੱਖ ਰੁਪਏ ਦਿਵਾਉਣਗੇ। ਮਜੀਠੀਆ ਨੇ ਅੱਗੇ ਕਿਹਾ ਕਿ ਕੁੱਝ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਨਾਲ ਹੋਏ ਸਮਝੌਤੇ ਤੋਂ ਦੁਖੀ ਵੀ ਹਨ।