2.6 C
Toronto
Friday, November 7, 2025
spot_img
HomeUncategorized'ਨਾਨ ਸਟਾਪ' ਟੋਰਾਂਟੋ ਤੋਂ ਦਿੱਲੀ

‘ਨਾਨ ਸਟਾਪ’ ਟੋਰਾਂਟੋ ਤੋਂ ਦਿੱਲੀ

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਅਰ ਇੰਡੀਆ ਵਲੋਂ ਟੋਰਾਂਟੋ ਤੋਂ ਨਵੀਂ ਦਿੱਲੀ ਲਈ ਸਿੱਧੀ ਉਡਾਣ ਸ਼ੁਰੂ
ਦਿੱਲੀ ਤੋਂ ਸਿੱਧੀ ਉਡਾਣ ਭਰ ਕੇ ਟੋਰਾਂਟੋ ਪਹੁੰਚੇ ਏਅਰ ਇੰਡੀਆ ਦੇ ਜਹਾਜ਼ ਦੀ ਵਾਪਸ ਦਿੱਲੀ ਫੇਰੀ ਦੌਰਾਨ ਭਾਰਤੀ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਵੀ ਕੀਤਾ ਸਫ਼ਰ
ਟੋਰਾਂਟੋ/ਸਤਪਾਲ ਸਿੰਘ ਜੌਹਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਏਅਰ ਇੰਡੀਆ ਵਲੋਂ ਟੋਰਾਂਟੋ ਤੋਂ ਨਵੀਂ ਦਿੱਲੀ ਲਈ ਡਾਇਰੈਕਟ ਫਲਾਈਟ ਦੀ ਸੇਵਾ ਸ਼ੁਰੂ ਕੀਤੀ ਗਈ। ਕੈਨੇਡਾ ਵਾਸੀ ਭਾਰਤੀਆਂ ਦੀ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਏਅਰ ਇੰਡੀਆ ਦੇ ਬੋਇੰਗ 777 ਜਹਾਜ਼ ਨੇ ਦਿੱਲੀ ਤੋਂ ਟੋਰਾਂਟੋ ਤੇ ਟੋਰਾਂਟੋ ਤੋਂ ਦਿੱਲੀ ਵਿਚਕਾਰ ਸਿੱਧੀ ਉਡਾਣ ਭਰੀ, ਜਿਸ ‘ਚ ਵਾਪਸੀ ਸਮੇਂ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਦਿੱਲੀ ਤੱਕ ਸਫ਼ਰ ਕੀਤਾ। ਇਸ ਤੋਂ ਪਹਿਲਾਂ ਪੁਰੀ 23 ਜੂਨ 1985 ਨੂੰ ਬੰਬ ਧਮਾਕੇ ਦਾ ਸ਼ਿਕਾਰ ਹੋਏ ਕਨਿਸ਼ਕਾ ਜਹਾਜ਼ (ਉਡਾਨ 182) ਦੇ ਮੁਸਾਫ਼ਰਾਂ ਦੀ ਯਾਦ ‘ਚ ਟੋਰਾਂਟੋ ਵਿਖੇ ਬਣੀ ਯਾਦਗਾਰ ‘ਤੇ ਪੁੱਜੇ ਜਿੱਥੇ ਉਨ੍ਹਾਂ ਨੇ ਭਾਰਤ ਦੇ ਰਾਜਦੂਤ ਵਿਕਾਸ ਸਵਰੂਪ, ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵ ਤੇ ਏਅਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੁਹਾਨੀ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਉਨ੍ਹਾਂ ਨਾਲ ਕੁਝ ਪੀੜਤ ਪਰਿਵਾਰ ਤੇ ਪ੍ਰਧਾਨ ਵਿਪਨ ਸ਼ਰਮਾ ਦੀ ਅਗਵਾਈ ‘ਚ ਭਾਰਤੀ ਜਨਤਾ ਪਾਰਟੀ (ਕੈਨੇਡਾ) ਦੀ ਇਕਾਈ ਦੇ ਸਥਾਨਕ ਆਗੂ ਵੀ ਹਾਜ਼ਰ ਸਨ। ਪੁਰੀ ਨੇ ਏਅਰ ਇੰਡੀਆ ਦੀ ਸਿੱਧੀ ਉਡਾਣ (ਹਫ਼ਤੇ ‘ਚ ਤਿੰਨ ਵਾਰੀ) ਸ਼ੁਰੂ ਹੋਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਉਡਾਣ ‘ਚ ਵਾਧਾ ਕਰਨ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ। ਟੋਰਾਂਟੋ ਸਥਿਤ ਭਾਰਤੀ ਕੌਂਸਲ ਦਵਿੰਦਰਪਾਲ (ਡੀ.ਪੀ.) ਸਿੰਘ ਨੇ ਆਖਿਆ ਕਿ ਉਡਾਣ ਬਾਰੇ ਸਾਰੇ ਫ਼ੈਸਲੇ ਕਾਰੋਬਾਰੀ ਨੁਕਤੇ ਤੋਂ ਲਏ ਜਾਂਦੇ ਹਨ ਜਿਸ ਕਰਕੇ ਲੋਕਾਂ ਦੀ ਮੰਗ ਦੇ ਆਧਾਰ ‘ਤੇ ਵਾਧਾ ਕੀਤਾ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਪਹਿਲੇ ਦਿਨ ਦੋਵੇਂ ਪਾਸੇ ਜਹਾਜ਼ ਮੁਸਾਫ਼ਰਾਂ ਨਾਲ ਭਰਿਆ ਹੋਇਆ ਸੀ।
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਇਹ ਉਡਾਨ ਟੋਰਾਂਟੋ-ਅੰਮ੍ਰਿਤਸਰ-ਟੋਰਾਂਟੋ ਸਿੱਧੀ ਨਹੀਂ ਹੈ। ਮੁਸਾਫ਼ਰਾਂ ਨੂੰ ਦਿੱਲੀ ਤੋਂ ਜਹਾਜ਼ ਬਦਲਣਾ ਪੈਂਦਾ ਹੈ। ਕੌਂਸਲ ਡੀ.ਪੀ. ਸਿੰਘ ਨੇ ਕਿਹਾ ਕਿ ਤਸੱਲੀ ਵਾਲੀ ਗੱਲ ਇਹ ਹੈ ਕਿ ਮੁਸਾਫ਼ਰਾਂ ਨੂੰ ਆਪਣਾ ਸਾਮਾਨ ਦਿੱਲੀ ਦੁਬਾਰਾ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਸਗੋਂ ਕਸਟਮਜ਼ ਦੀ ਸਾਰੀ ਕਾਰਵਾਈ ਅੰਮ੍ਰਿਤਸਰ ਵਿਖੇ ਹੋਇਆ ਕਰੇਗੀ। ਮੌਜੂਦਾ ਸਥਿਤੀ ‘ਚ ਅੰਮ੍ਰਿਤਸਰ ਸਮੇਤ ਭਾਰਤ ਦੇ ਹੋਰ ਸ਼ਹਿਰਾਂ ਤੋਂ ਮੁਸਾਫ਼ਰ ਦਿੱਲੀ ਤੱਕ ਲੋਕਲ ਉਡਾਨ ਲੈ ਕੇ ਟੋਰਾਂਟੋ ਜਾਣ ਵਾਲੇ ਜਹਾਜ਼ ‘ਚ ਸਵਾਰ ਹੋ ਸਕਦੇ ਹਨ ਤੇ ਵਾਪਸੀ ਸਮੇਂ ਵੀ ਦਿੱਲੀ ਉੱਤਰ ਕੇ ਆਪਣੇ ਇਲਾਕੇ ਦੇ ਸ਼ਹਿਰ ਤੱਕ ਲੋਕਲ ਉਡਾਨ ਲੈ ਸਕਦੇ ਹਨ। ਹਰੇਕ ਹਫ਼ਤੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦਿੱਲੀ ਤੋਂ ਰਾਤ ਨੂੰ 3 ਵਜੇ ਚੱਲ ਕੇ (ਉਡਾਨ ਏ.ਆਈ. 187) ਟੋਰਾਂਟੋ ਵਿਖੇ ਸਵੇਰ ਨੂੰ ਸਾਢੇ ਕੁ ਅੱਠ ਵਜੇ ਪੁੱਜਣ ਦਾ ਸਮਾਂ ਹੈ। ਉਸੇ ਦਿਨ ਚਾਰ ਕੁ ਘੰਟਿਆਂ ਬਾਅਦ ਟੋਰਾਂਟੋ ਤੋਂ ਦਿੱਲੀ ਵਾਪਸ (ਏ.ਸੀ. 188) ਉਡਾਨ ਚੱਲਿਆ ਕਰੇਗੀ ਜੋ ਭਾਰਤੀ ਸਮੇਂ ਅਨੁਸਾਰ ਅਗਲੇ ਦਿਨ (ਮੰਗਲਵਾਰ, ਵੀਰਵਾਰ ਤੇ ਸਨਿੱਚਰਵਾਰ ਨੂੰ) ਦੁਪਹਿਰ ਸਮੇਂ ਦਿੱਲੀ ਪੁੱਜਿਆ ਕਰੇਗੀ।

1985 ‘ਚ ਏਅਰ ਇੰਡੀਆ ਦੇ ਜਹਾਜ਼ ‘ਚ ਜਾਨ ਗੁਆਉਣ ਵਾਲੇ 329 ਵਿਅਕਤੀਆਂ ਨੂੰ ਵੀ ਕੀਤਾ ਯਾਦ
ਏਅਰ ਇੰਡੀਆ ਵਲੋਂ ਟੋਰਾਂਟੋ ਤੋਂ ਨਵੀਂ ਦਿੱਲੀ ਲਈ ਪਹਿਲੀ ਸਿੱਧੀ ਉਡਾਣ ਸ਼ੁਰੁ ਕਰਨ ਮੌਕੇ 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ ‘ਚ ਆਪਣੀ ਜਾਨ ਗੁਆ ਚੁੱਕੇ 329 ਵਿਅਕਤੀਆਂ ਨੂੰ ਵੀ ਯਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ਜਹਾਜ਼ ਬੰਬ ਧਮਾਕੇ ‘ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਸਮਾਗਮ ‘ਚ ਭਾਰਤੀ ਸੱਭਿਆਚਾਰ ਦੇ ਰੰਗ ਵੀ ਦੇਖਣ ਨੂੰ ਮਿਲੇ। ਇਸ ਮੌਕੇ ਭਾਰਤੀ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਗੈਰ ਮਨੁੱਖੀ ਦੱਸਿਆ ਤੇ ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਤਰ੍ਹਾਂ ਦੀਆਂ ਨਾਪਾਕ ਕੋਸ਼ਿਸ ਦੁਬਾਰਾ ਨਾ ਹੋ ਸਕਣ।

550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਰੇਲ ਦਾ ਨਾਂ ਰੱਖਿਆ ‘ਸਰਬੱਤ ਦਾ ਭਲਾ ਐਕਸਪ੍ਰੈਸ’
ਸੁਲਤਾਨਪੁਰ ਲੋਧੀ : 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ 4 ਅਕਤੂਬਰ ਨੂੰ ਸ਼ੁਰੂ ਕੀਤੀ ਜਾ ਰਹੀ ਦਿੱਲੀ ਸੁਲਤਾਨਪੁਰ ਲੋਧੀ ਇੰਟਰਸਿਟੀ ਐਕਸਪੈ੍ਰੱਸ ਰੇਲ ਗੱਡੀ ਦਾ ਨਾਂ ਹੁਣ ਸਰਬੱਤ ਦਾ ਭਲਾ ਐਕਸਪ੍ਰੈਸ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ 2.30 ਵਜੇ ਰੇਲ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੋਂ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਹਰਸਿਮਰਤ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਰੇਲ ਗੱਡੀ ਦਾ ਨਾਮ ਸਰਬੱਤ ਦਾ ਭਲਾ ਐਕਸਪ੍ਰੈੱਸ ਰੱਖ ਕੇ ਕੇਂਦਰ ਸਰਕਾਰ ਨੇ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਵਾਲਾ ਸਿਧਾਂਤ ਅਪਣਾਉਣ ਦੀ ਪ੍ਰੇਰਨਾ ਦਿੱਤੀ ਹੈ। ਇਸ ਤੋਂ ਪਹਿਲਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦਾ ਰੇਲ ਮੰਤਰਾਲਾ ਪਹਿਲਾਂ ਹੀ 14 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ ਵੀ ਕਰ ਚੁੱਕਾ ਹੈ।

ਆਮ ਚੋਣਾਂ ਲਈ ਐਡਵਾਂਸ ਪੋਲਿੰਗ 11 ਤੋਂ 14 ਅਕਤੂਬਰ ਤੱਕ
ਟੋਰਾਂਟੋ : ਫੈਡਰਲ ਚੋਣਾਂ 2019 ਨੂੰ ਲੈ ਕੇ ਜਿੱਥੇ ਸਿਆਸੀ ਦਲਾਂ ਵੱਲੋਂ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜਨ ਲਈ ਚੋਣ ਪ੍ਰਚਾਰ ਸਿਖਰਾਂ ‘ਤੇ ਹੈ ਉਥੇ ਇਲੈਕਸਜ਼ ਕੈਨੇਡਾ ਵੱਲੋਂ ਇਸ ਗੱਲ ਲਈ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਪੋਲਿੰਗ ਹੋ ਸਕੇ। ਇਨ੍ਹਾਂ ਆਮ ਚੋਣਾਂ ਵਿਚ ਵੱਧ ਤੋਂ ਵੱਧ ਪੋਲਿੰਗ ਯਕੀਨੀ ਬਣਾਉਣ ਲਈ ਇਲੈਕਸ਼ਨਜ਼ ਕੈਨੇਡਾ ਵਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ 11 ਅਕਤੂਬਰ ਤੋਂ 14 ਅਕਤੂਬਰ ਤੱਕ ਹੋਣ ਵਾਲੀ ਐਡਵਾਂਸ ਪੋਲਿੰਗ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਕੈਨੇਡਾ ਦੇ 2 ਕਰੋੜ 80 ਲੱਖ ਵਿਅਕਤੀਆਂ ਨੂੰ ਵੋਟਰ ਜਾਣਕਾਰੀ ਕਾਰਡ ਭੇਜੇ ਗਏ ਹਨ, ਜੋ ਇਸ ਹਫਤੇ ਦੇ ਅਖੀਰ ਤੱਕ ਉਨ੍ਹਾਂ ਕੋਲ ਪਹੁੰਚ ਜਾਣਗੇ। ਇਲੈਕਸ਼ਨਜ਼ ਕੈਨੇਡਾ ਨੇ ਦੱਸਿਆ ਕਿ ਜਿਹੜੇ ਵਿਅਕਤੀ 21 ਅਕਤੂਬਰ ਨੂੰ ਆਪਣੇ ਸ਼ਹਿਰ ਵਿਚ ਨਹੀਂ ਹੋਣਗੇ, ਉਨ੍ਹਾਂ ਵਾਸਤੇ ਐਡਵਾਂਸ ਪੋਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਵੋਟਰ ਕਾਰਡ ਵਿਚ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਜਿਹੜੇ ਵੋਟਰਾਂ ਨੂੰ ਇਸ ਹਫਤੇ ਦੇ ਅੰਤ ਤੱਕ ਵੋਟਰ ਕਾਰਡ ਨਹੀਂ ਮਿਲਦੇ, ਉਨ੍ਹਾਂ ਨੂੰ ਖੁਦ ਰਿਟਰਨਿੰਗ ਅਫਸਰ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਜਾਂ ਉਹ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਰਜਿਸਟ੍ਰੇਸ਼ਨ ਵਾਸਤੇ ਲਾਜ਼ਮੀ ਹੈ ਕਿ ਸਬੰਧਤ ਸਖ਼ਸ਼ ਕੈਨੇਡੀਅਨ ਸਿਟੀਜ਼ਨ ਹੋਵੇ ਅਤੇ ਉਸਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੋਵੇ। ਆਪਣੀ ਸ਼ਨਾਖਤ ਦੇ ਸਬੂਤ ਵਜੋਂ ਸਬੰਧਤ ਸਖਸ਼ ਡਰਾਈਵਿੰਗ ਲਾਇਸੈਂਸ ਪੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਫੈਡਰਲ ਜਾਂ ਸੂਬਾ ਸਰਕਾਰ ਦੁਆਰਾ ਜਾਰੀ ਆਈ.ਡੀ. ਕਾਰਡ ਵੀ ਪ੍ਰਵਾਨ ਕੀਤੇ ਜਾਣਗੇ।

RELATED ARTICLES
POPULAR POSTS