Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਵਿਚ ਮੁੜ ਸਮਝੌਤਾ

ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਵਿਚ ਮੁੜ ਸਮਝੌਤਾ

ਸਿਆਸੀ ਹਿਤਾਂ ਲਈ ਦੋਵਾਂ ਦਲਾਂ ਨੇ ਤਿਆਗੇ ਸੂਬਿਆਂ ਦੇ ਹਿਤ

ਐਸ ਵਾਈ ਐਲ ਪੁੱਟਣ ਵਾਲੇ ਤੇ ਪੂਰਨ ਵਾਲੇ ਮਿਲ ਕੇ ਲੜ ਰਹੇ ਚੋਣ

ਹਰਿਆਣਾ ਦੀਆਂ 90 ਸੀਟਾਂ ‘ਚੋਂ 85 ‘ਤੇ ਇਨੈਲੋ ਤੇ 5 ‘ਤੇ ਲੜੇਗਾ ਅਕਾਲੀ ਦਲ

ਚੰਡੀਗੜ੍ਹ : ਭਾਜਪਾ ਵਲੋਂ ਹਰਿਆਣਾ ਵਿਚ ਅੱਖਾਂ ਦਿਖਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਆਪਣੇ ਪੁਰਾਣੇ ਸਾਥੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ 60 ਸਾਲ ਪੁਰਾਣੀ ਯਾਰੀ ਨਿਭਾਉਂਦਿਆਂ ਭਾਜਪਾ ਨੂੰ ਝਟਕਾ ਦਿੰਦਿਆਂ ਇਕੱਠੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਹ ਸਮਝੌਤੇ ਹੋਣ ਦੇ ਨਾਲ ਹੀ ਜਿੱਥੇ ਇਹ ਚਰਚਾ ਛਿੜ ਪਈ ਕਿ ਹਰਿਆਣਾ ਵਿਚ ਅਕਾਲੀ ਦਲ ਤੇ ਭਾਜਪਾ ਦੀਆਂ ਵਧੀਆਂ ਦੂਰੀਆਂ ਪੰਜਾਬ ਵਿਚ ਵੀ ਇਹ ਗੱਠਜੋੜ ਨੂੰ ਖਤਮ ਕਰ ਸਕਦੀਆਂ ਹਨ, ਉਥੇ ਹੀ ਸਿਆਸੀ ਮਾਹਿਰਾਂ ਦਾ ਆਖਣਾ ਹੈ ਕਿ ਸਿਆਸਤ ਦਾ ਪੱਧਰ ਇਸ ਕਦਰ ਤੱਕ ਨੀਵਾਂ ਗਿਰ ਗਿਆ ਕਿ ਦੋਵਾਂ ਹੀ ਦਲਾਂ ਨੇ ਆਪੋ-ਆਪਣੇ ਸੂਬੇ ਦੇ ਹਿਤਾਂ ਨੂੰ ਵੀ ਧਿਆਨ ‘ਚ ਨਹੀਂ ਰੱਖਿਆ। ਧਿਆਨ ਰਹੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨੈਲੋ ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਕਹੀਆਂ ਤੇ ਕਸੀਆਂ ਲੈ ਕੇ ਨਹਿਰ ਪੁੱਟਣ ਆਈ ਸੀ ਜਦੋਂਕਿ ਪੰਜਾਬ ‘ਚ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਆਖਰੀ ਦਿਨਾਂ ‘ਚ ਐਸ ਵਾਈ ਐਲ ਨਹਿਰ ਦਾ ਰੇੜਕਾ ਮੁਕਾਉਣ ਦਾ ਦਮ ਭਰਦਿਆਂ ਕਿਸਾਨਾਂ ਨੂੰ ਜ਼ਮੀਨਾਂ ਮੋੜਨ ਦੇ ਨਾਂ ‘ਤੇ ਨਹਿਰ ਹੀ ਪੂਰ ਦਿੱਤੀ ਸੀ। ਪਰ ਹੁਣ ਇਕ ਨਹਿਰ ਪੁੱਟਣ ਵਾਲਾ ਤੇ ਦੂਜਾ ਨਹਿਰ ਪੂਰਨ ਵਾਲਾ ਦਲ ਆਪਣੇ ਸਿਆਸੀ ਹਿਤਾਂ ਖਾਤਰ ਮੁੜ ਇਕੱਠੇ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਵਿਚਾਲੇ ਹੋਏ ਸਮਝੌਤੇ ਮੁਤਾਬਕ ਅਕਾਲੀ ਦਲ ਹਰਿਆਣਾ ਵਿਚ ਕਾਲਿਆਂਵਾਲੀ, ਰਤੀਆ, ਗੂਹਲਾ ਚੀਕਾ, ਪਿਹੋਵਾ ਅਤੇ ਅੰਬਾਲਾ ਸਿਟੀ ਦੀਆਂ 5 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗਾ ਅਤੇ ਬਾਕੀ ਸਾਰੀਆਂ ਸੀਟਾਂ ਉਤੇ ਇਨੈਲੋ ਦੇ ਉਮੀਦਵਾਰਾਂ ਦੀ ਹਮਾਇਤ ਕਰੇਗਾ। ਇਸ ਦੀ ਪੁਸ਼ਟੀ ਕਰਦੇ ਹੋਏ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੌਟਾਲਾ ਪਰਿਵਾਰ ਨਾਲ ਅਕਾਲੀ ਦਲ ਦਾ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਇਹ ਅੱਗੇ ਹੋਰ ਗੂੜ੍ਹਾ ਹੋਵੇਗਾ।
ਦੋਵਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵਿਚਕਾਰ ਹੋਈ ਪਹਿਲੀ ਮੀਟਿੰਗ ਵਿਚ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਅਤੇ ਦੂਜੇ ਪਾਸੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਤੇ ਅਭੈ ਸਿੰਘ ਚੌਟਾਲਾ ਹਾਜ਼ਰ ਸਨ। ਦੂਜੀ ਮੀਟਿੰਗ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਇਨੈਲੋ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਵਿਚਾਲੇ ਹੋਈ, ਜਿਸ ਵਿਚ 5 ਸੀਟਾਂ ਅਕਾਲੀ ਦਲ ਨੂੰ ਦੇਣ ਦਾ ਫੈਸਲਾ ਹੋਇਆ।
ਅਕਾਲੀ ਦਲ ਨੇ ਰਤੀਆ ਵਿਧਾਨ ਸਭਾ ਹਲਕੇ ਤੋਂ ਕੁਲਵਿੰਦਰ ਸਿੰਘ ਕੁਨਾਲ, ਗੂਹਲਾ ਚੀਕਾ ਹਲਕੇ ਤੋਂ ਰਾਮ ਕੁਮਾਰ ਵਾਲਮੀਕੀ ਨੂੰ ਆਪਣਾ ਉਮੀਦਵਾਰ ਐਲਾਂਿਨਆ ਹੈ। ਕਾਲਿਆਂਵਾਲੀ ਹਲਕੇ ਤੋਂ ਭਾਜਪਾ ਆਗੂ ਰਾਜਿੰਦਰ ਸਿੰਘ ਦੇਸੂ ਜੋਧਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਆਪਣਾ ਉਮੀਦਵਾਰ ਬਣਾਇਆ ਸੀ। ਜ਼ਿਕਰਯੋਗ ਹੈ ਕਿ ਭਾਜਪਾ ਵਲੋਂ ਕਾਲਿਆਂਵਾਲੀ ਤੋਂ ਅਕਾਲੀ ਦਲ ਦੇ ਇਕੋ ਇਕ ਵਿਧਾਇਕ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਸੀ।
ਹਰਿਆਣਾ ‘ਚ ਭਾਜਪਾ ਨੇ ਧੋਖਾ ਦਿੱਤਾ, ਪੰਜਾਬ ਵਿਚ ਅਸੀਂ ਨਾਲ ਹੀ ਰਹਾਂਗੇ : ਸੁਖਬੀਰ : ਹਰਿਆਣਾ ਵਿਚ ਭਾਜਪਾ ਨੇ ਸਾਡੇ ਨਾਲ ਜੋ ਕੁਝ ਕੀਤਾ ਉਸਦਾ ਸਾਨੂੰ ਕੁਝ ਘੰਟੇ ਪਹਿਲਾਂ ਹੀ ਪਤਾ ਲੱਗਾ। ਜੇਕਰ ਇਸਦੀ ਪਹਿਲਾਂ ਭਿਣਕ ਹੁੰਦੀ ਕਿ ਛੋਟਾ ਭਰਾ ਵੱਡੇ ਭਰਾ ਨਾਲ ਧੋਖੇਬਾਜ਼ੀ ਕਰ ਸਕਦਾ ਹੈ ਤਾਂ ਅਸੀਂ ਕੁਝ ਠੋਸ ਕਦਮ ਪਹਿਲਾਂ ਹੀ ਚੁੱਕ ਲੈਂਦੇ। ਜੋ ਕੁਝ ਹਰਿਆਣਾ ਵਿਚ ਭਾਜਪਾ ਨੇ ਕੀਤਾ ਉਸਦੇ ਲਈ ਭਾਜਪਾ ਹੀ ਜ਼ਿੰਮੇਵਾਰ ਹੈ। ਸਾਡੇ ਵਲੋਂ ਗਠਜੋੜ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਮੁਟਾਵ ਨਹੀਂ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਬਰਕਰਾਰ ਰਹੇਗਾ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …