Breaking News
Home / ਪੰਜਾਬ / ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉਮਰ ਕੈਦ ‘ਚ ਤਬਦੀਲ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉਮਰ ਕੈਦ ‘ਚ ਤਬਦੀਲ

550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਮੋਦੀ ਸਰਕਾਰ ਨੇ 8 ਸਿੱਖ ਕੈਦੀਆਂ ਰਿਹਾਈ ਦਾ ਵੀ ਲਿਆ ਫੈਸਲਾ
ਚੰਡੀਗੜ੍ਹ : ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ‘ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਅੱਠ ਹੋਰ ਸਿੱਖ ਕੈਦੀਆਂ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਹਨ। ਇਹ ਫੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਨੁੱਖਤਾ ਦੀ ਭਲਈ ਦੇ ਆਧਾਰ ‘ਤੇ ਲਿਆ ਗਿਆ ਹੈ। ਹਾਲਾਂਕਿ ਕੇਂਦਰੀ ਗ੍ਰਹਿ ਵਿਭਾਗ ਨੇ ਇਸ ਦੀ ਅਧਿਕਾਰਕ ਜਾਣਕਾਰੀ ਅਜੇ ਰਾਜ ਸਰਕਾਰ ਨੂੰ ਨਹੀਂ ਭੇਜੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ‘ਚ ਸਿਵਲ ਸਕੱਤਰੇਤ ਦੇ ਬਾਹਰ 31 ਅਗਸਤ 1995 ਨੂੰ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ‘ਚ 16 ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ ਸੀ। ਪੰਜਾਬ ਪੁਲਿਸ ਦੇ ਕਰਮਚਾਰੀ ਦਿਲਾਵਰ ਸਿੰਘ ਨੇ ਇਸ ਘਟਨਾ ‘ਚ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ, ਜਦਕਿ ਬਲਵੰਤ ਸਿੰਘ ਰਾਜੋਆਣਾ ਨੇ ਉਸ ਦੇ ਨਾਲ ਇਹ ਸਾਜ਼ਿਸ਼ ਰਚੀ ਸੀ। ਰਾਜੋਆਣਾ, ਦਿਲਾਵਰ ਸਿੰਘ ਦੇ ਅਸਫ਼ਲ ਰਹਿਣ ‘ਤੇ ਬੈਕਅਪ ਦੀ ਭੂਮਿਕਾ ‘ਚ ਸਨ। ਚੇਤੇ ਰਹੇ ਕਿ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਬਚਾਅ ਲਈ ਕੋਈ ਵਕੀਲ ਨਹੀਂ ਕੀਤਾ ਸੀ ਅਤੇ ਨਾ ਹੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦੀ ਅਪੀਲ ਕੀਤੀ ਸੀ।
ਫੈਸਲੇ ਖਿਲਾਫ਼ ਬੇਅੰਤ ਪਰਿਵਾਰ ਜਾਵੇਗਾ ਸੁਪਰੀਮ ਕੋਰਟ
ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਮੁੜ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਨੂੰ ਲੈ ਕੇ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਜਾਣਗੇ।
ਕੇ.ਐਸ. ਮੱਖਣ ਨੇ ਉਤਾਰ ਦਿੱਤੇ ਪੰਜ ਕਕਾਰ
ਜਲੰਧਰ : ਗਾਇਕ ਕੇ.ਐਸ. ਮੱਖਣ ਨੇ ਮੰਗਲਵਾਰ ਨੂੰ ਅਣਦੱਸੀ ਥਾਂ ‘ਤੇ ਸਥਿਤ ਗੁਰਦੁਆਰਾ ਸਾਹਿਬ ਵਿਚ ਫੇਸਬੁੱਕ ‘ਤੇ ਲਾਈਵ ਹੋ ਕੇ ਸਿੱਖੀ ਸਰੂਪ ਤਿਆਗ ਦਿੱਤਾ ਅਤੇ ਸਿੱਖੀ ਦੇ ਸਾਰੇ ਕਕਾਰ ਲਾਹ ਕੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਭੇਟ ਕਰ ਦਿੱਤੇ। ਦੱਸਣਯੋਗ ਹੈ ਕਿ ਗੁਰਦਾਸ ਮਾਨ ਵਲੋਂ ਹਿੰਦੀ ਭਾਸ਼ਾ ਸਬੰਧੀ ਦਿੱਤੇ ਗਏ ਆਪਣੇ ਬਿਆਨ ਅਤੇ ਕੈਨੇਡਾ ਵਿਚ ਲੋਕਾਂ ਵਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਮੰਚ ‘ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਵਿਵਾਦਾਂ ਵਿਚ ਘਿਰ ਗਏ ਸਨ। ਇਸੇ ਦੌਰਾਨ ਕੇ.ਐਸ. ਮੱਖਣ ਨੇ ਗੁਰਦਾਸ ਮਾਨ ਦੇ ਹੱਕ ਵਿਚ ਖੜ੍ਹਦਿਆਂ ਫੇਸਬੁੱਕ ‘ਤੇ ਇਹ ਗੱਲ ਕਹੀ ਸੀ ਕਿ ਗੁਰਦਾਸ ਮਾਨ ਨੂੰ ਆਪਣੀ ਗੱਲ ਕਰਨ ਦਾ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਕੁਝ ਸਿੱਖ ਪ੍ਰਚਾਰਕਾਂ ਨੇ ਮੱਖਣ ਖਿਲਾਫ ਮੋਰਚਾ ਖੋਲ੍ਹ ਦਿੱਤਾ। ਇਸ ਦੌਰਾਨ ਉਕਤ ਪ੍ਰਚਾਰਕਾਂ ਦੇ ਸ਼ਰਧਾਲੂਆਂ ਨੇ ਵੀ ਉਸ ਨੂੰ ਫੇਸਬੁੱਕ ‘ਤੇ ਬੁਰਾ ਭਲਾ ਕਹਿਣ ਤੋਂ ਇਲਾਵਾ ਗਾਲਾਂ ਤੱਕ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਕੇ.ਐਸ. ਮੱਖਣ ਫੇਸਬੁੱਕ ‘ਤੇ ਲਾਈਵ ਹੋਏ ਅਤੇ ਸਿੱਖੀ ਸਰੂਪ ਤਿਆਗਣ ਦਾ ਐਲਾਨ ਕਰਦਿਆਂ ਕੱਕਾਰ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭੇਟ ਕਰ ਦਿੱਤੇ।

Check Also

ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ

ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …