ਕਿਸੇ ਵੀ ਸਿਆਸੀ ਪਾਰਟੀ ਦੇ ਉਮੀਦਵਾਰ ਲਈ ਜਿੱਤ ਸੌਖੀ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤੇ ਜਾਣ ਮਗਰੋਂ ਸਿਆਸਤ ਗਰਮਾ ਗਈ ਹੈ। ਇਸ ਹਲਕੇ ਤੋਂ ਭਾਜਪਾ ਨੇ ਤਰਨਜੀਤ ਸਿੰਘ ਸੰਧੂ, ‘ਆਪ’ ਨੇ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਇਮਾਨ ਸਿੰਘ ਮਾਨ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਵਾਰ ਅੰਮ੍ਰਿਤਸਰ ਹਲਕੇ ਵਿੱਚ ਬਹੁਕੋਨੀ ਮੁਕਾਬਲਾ ਹੋਣ ਕਾਰਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਲਈ ਜਿੱਤਣਾ ਸੌਖਾ ਨਹੀਂ ਹੋਵੇਗਾ। ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਵੇਂ ਦੋ ਵਾਰ ਪਹਿਲਾਂ ਜਿੱਤ ਚੁੱਕੇ ਹਨ ਪਰ ਇਸ ਵਾਰ ਕਾਂਗਰਸ ਦੀ ਮੌਜੂਦਾ ਹਾਲਤ ਅਤੇ ਆਪਸੀ ਖਿੱਚੋਤਾਣ ਉਸ ਲਈ ਵੱਡੀ ਚੁਣੌਤੀ ਸਾਬਤ ਹੋਵੇਗੀ। ਔਜਲਾ ਨੇ 2017 ਵਿੱਚ ਉਪ ਚੋਣ ਵਿੱਚ 5 ਲੱਖ 8 ਹਜ਼ਾਰ ਜਦਕਿ 2019 ਵਿੱਚ 4 ਲੱਖ 45 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ। ਅਕਾਲੀ-ਭਾਜਪਾ ਗੱਠਜੋੜ ਵੇਲੇ ਅੰਮ੍ਰਿਤਸਰ ਹਲਕੇ ਦੀ ਸੀਟ ਵਧੇਰੇ ਕਰਕੇ ਭਾਜਪਾ ਦੇ ਹਿੱਸੇ ਆਉਂਦੀ ਰਹੀ ਹੈ।
ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੇ 2004, 2007 ਤੇ 2009 ਵਿੱਚ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਪਰ ਸਿੱਧੂ ਅਤੇ ਅਕਾਲੀ ਦਲ ਵਿਚਾਲੇ ਖਟਾਸ ਪੈਦਾ ਹੋਣ ਤੋਂ ਬਾਅਦ 2014, 2017 ਅਤੇ 2019 ਵਿੱਚ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਤੇ ਹਰਦੀਪ ਸਿੰਘ ਪੁਰੀ ਚੋਣ ਨਹੀਂ ਜਿੱਤ ਸਕੇ ਅਤੇ ਇਸ ਸੀਟ ‘ਤੇ ਕਾਂਗਰਸ ਦਾ ਕਬਜ਼ਾ ਹੋ ਗਿਆ।
ਇਸ ਵਾਰ ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਦੋਵੇਂ ਧਿਰਾਂ ਵੱਖ-ਵੱਖ ਚੋਣਾਂ ਲੜ ਰਹੀਆਂ ਹਨ ਜਿਸ ਕਾਰਨ ਦੋਵਾਂ ਧਿਰਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ। ਜਦੋਂ ਦੋਵੇਂ ਪਾਰਟੀਆਂ ਇਕੱਠੇ ਚੋਣਾਂ ਲੜਦੀਆਂ ਸਨ ਤਾਂ 30 ਤੋਂ 50 ਫੀਸਦ ਤੱਕ ਵੋਟਾਂ ਪ੍ਰਾਪਤ ਕਰਦੀਆਂ ਰਹੀਆਂ ਹਨ ਪਰ ਇਸ ਵਾਰ ਸਥਿਤੀ ਹੋਰ ਹੋਵੇਗੀ। ਦੋਵਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪੋ-ਆਪਣਾ ਵੋਟ ਬੈਂਕ ਵਧਾਉਣ ਵਾਸਤੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਪਹਿਲਾਂ ਦੋ ਵਾਰ ਪੰਜਾਬ ਵਜ਼ਾਰਤ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਉੱਤਰੀ ਹਲਕੇ ਵਿੱਚ ਚੰਗਾ ਆਧਾਰ ਹੈ। ਉਹ ਭਾਜਪਾ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਹਨ, ਇਸ ਲਈ ਅਕਾਲੀ ਵੋਟ ਬੈਂਕ ਨੂੰ ਆਪਣੇ ਨਾਲ ਜੋੜਨਾ ਉਨ੍ਹਾਂ ਵਾਸਤੇ ਚੁਣੌਤੀ ਹੋਵੇਗੀ।
ਭਾਜਪਾ ਨੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ ਜੋ ਮਰਹੂਮ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਹਨ। ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਰਹਿ ਚੁੱਕੇ ਹਨ।
ਉਨ੍ਹਾਂ ਦਾ ਜੱਦੀ ਘਰ ਵੀ ਇੱਥੇ ਹੀ ਹੈ ਪਰ ਇਸ ਵੇਲੇ ਉਨ੍ਹਾਂ ਨੂੰ ਇਹ ਸਾਬਤ ਕਰਨਾ ਪੈ ਰਿਹਾ ਹੈ ਕਿ ਉਹ ਬਾਹਰੋਂ ਨਹੀਂ ਆਏ ਸਗੋਂ ਅੰਮ੍ਰਿਤਸਰ ਦੇ ਵਸਨੀਕ ਹੀ ਹਨ। ਭਾਜਪਾ ਦਾ ਦਿਹਾਤੀ ਖੇਤਰ ਵਿੱਚ ਕੋਈ ਖਾਸ ਆਧਾਰ ਨਹੀਂ ਹੈ ਜਿਸ ਕਰ ਕੇ ਦਿਹਾਤੀ ਖੇਤਰ ਦੀ ਵੋਟ ਪ੍ਰਾਪਤ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੁੜ ਸੰਸਦ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ 2019 ਵਿੱਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਲਈ ਚੋਣ ਲੜੀ ਸੀ ਅਤੇ ਸਿਰਫ 20 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ। ਭਾਵੇਂ ਇਸ ਵੇਲੇ ਉਹ ਪੰਜਾਬ ਵਜ਼ਾਰਤ ਵਿੱਚ ਕੈਬਨਟ ਮੰਤਰੀ ਹਨ ਅਤੇ ਉਨ੍ਹਾਂ ਦਾ ਚੰਗਾ ਰੁਤਬਾ ਹੈ ਪਰ ਆਮ ਆਦਮੀ ਪਾਰਟੀ ਦਾ ਡਿੱਗਿਆ ਗਰਾਫ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ।