ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 30 ਦਿਨ ਦੀ ਪੈਰੋਲ
ਢਾਈ ਸਾਲਾਂ ਦੌਰਾਨ 7ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
ਹਿਸਾਰ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ 30 ਦਿਨ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਢਾਈ ਸਾਲਾਂ ਦੇ ਅਰਸੇ ਦੌਰਾਨ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਸੱਤਵੀਂ ਵਾਰ ਬਾਹਰ ਆਏ ਹਨ। ਉਨ੍ਹਾਂ ਨੂੰ ਇਸੇ ਸਾਲ 21 ਜਨਵਰੀ 2023 ਨੂੰ ਵੀ 40 ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਉਨ੍ਹਾਂ ਆਪਣੇ ਗੁਰੂ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਆਪਣੀ ਸੰਗਤ ਦੇ ਨਾਲ ਮਨਾਇਆ ਸੀ। ਰਾਮ ਰਹੀਮ ਇਸ ਵਾਰ ਵੀ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਾਮ ’ਚ ਰਹਿਣਗੇ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਸਿਰਸਾ ਆਸ਼ਰਮ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਰਾਮ ਰਹੀਮ ਦਾ 15 ਅਗਸਤ ਨੂੰ ਜਨਮ ਦਿਨ ਵੀ ਹੈ ਅਤੇ ਸਜ਼ਾ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਆਪਣਾ ਜਨਮ ਦਿਨ ਜੇਲ੍ਹ ਤੋਂ ਬਾਹਰ ਡੇਰਾ ਪ੍ਰੇਮੀਆਂ ਨਾਲ ਮਨਾਉਣਗੇ। ਉਧਰ ਬੁੱਧਵਾਰ ਦੀ ਰਾਤ ਨੂੰ ਸ਼ੋਸ਼ਲ ਮੀਡੀਆ ’ਤੇ ਰਾਮ ਰਹੀਮ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ। ਇਸ ਵੀਡੀਓ ’ਚ ਰਾਮ ਰਹੀਮ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਦੁਆ ਮੰਗਦੇ ਹੋਏ ਨਜ਼ਰ ਆ ਰਹੇ ਹਨ ਅਤੇ ਡੇਰਾ ਪ੍ਰੇਮੀਆਂ ਨੂੰ ਰਾਹਤ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕਰ ਰਹੇ ਹਨ। ਜਦਕਿ ਇਹ ਵੀਡੀਓ ਰਾਮ ਰਹੀਮ ਦੀ ਪਿਛਲੀ ਪੈਰੋਲ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਵੀ ਉਹ ਯੂਪੀ ਦੇ ਬਾਗਪਤ ਆਸ਼ਰਮ ਵਿਚ ਰੁਕੇ ਸਨ ਅਤੇ ਉਸ ਸਮੇਂ ਅਸਾਮ ਵਿਚ ਹੜ੍ਹ ਆਏ ਹੋਏ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡੇਰਾ ਪ੍ਰਬੰਧਕ ਕੋਲ ਫੋਨ ਆਉਣੇ ਸ਼ੁਰੂ ਹੋ ਗਏ ਸਨ, ਜਿਸ ’ਤੇ ਉਨ੍ਹਾਂ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾਮੁਖੀ ਦੀ ਪੈਰੋਲ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ।