
ਸੰਗਰੂਰ ਇੰਜੀਨੀਰਿੰਗ ਇੰਸਟੀਚਿਊਟ ਦੇ ਕਰਮਚਾਰੀਆਂ ਨੂੰ 2019 ਤੋਂ ਨਹੀਂ ਮਿਲੀ ਤਨਖਾਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਟੈਕਨੀਕਲ ਐਂਡ ਇੰਡਸਟਰੀਅਲ ਟ੍ਰੇਨਿੰਗ ਦੀ ਪਿ੍ਰੰਸੀਪਲ ਸੈਕਟਰੀ ਸੀਮਾ ਜੈਨ, ਐਡੀਸ਼ਨਲ ਡਾਇਰੈਕਟਰ ਦਰਸ਼ਨ ਸਿੰਘ ਸੰਧੂ ਨੂੰ ਇਕ ਨੋਟਿਸ ਭੇਜਿਆ ਹੈ। ਇਹ ਨੋਟਿਸ 28 ਸਤੰਬਰ ਦੇ ਲਈ ਭੇਜਿਆ ਗਿਆ, ਜਿਸ ’ਚ ਸਬੰਧਤ ਅਧਿਕਾਰੀਆਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ। ਸੰਗਰੂਰ ਦੇ ਲਹਿਰਾਗਾਗਾ ਸਥਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਕਰਮਚਾਰੀ ਸੁਨੱਤਿਆ ਕੁਮਾਰ ਨੇ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ’ਚ ਪਟੀਸ਼ਨਕਰਤਾ ਨੇ ਖੁਦ ਨੂੰ ਅਤੇ ਹੋਰ ਸਟਾਫ ਨੂੰ 16 ਦਸੰਬਰ 2019 ਤੋਂ ਤਨਖਾਹ ਨਾ ਦਿੱਤੇ ਜਾਣ ਦੀ ਗੱਲ ਕੀਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ’ਚ ਇੰਸਟੀਚਿਊਟ ਦੀ ਪ੍ਰਾਪਰਟੀ ਵੇਚ ਕੇ ਪਟੀਸ਼ਨ ਕਰਤਾ ਨੂੰ ਅਤੇ ਬਾਕੀ ਸਟਾਫ਼ ਨੂੰ ਤਨਖਾਹ ਦੇਣ ਦੀ ਗੱਲ ਆਖੀ ਸੀ। ਪ੍ਰੰਤੂ ਸੂਬਾ ਸਰਕਾਰ ਨੇ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਅਤੇ ਕਰਮਚਾਰੀਆਂ ਨੂੰ ਤਨਖਾਹ ਦਾ ਭੁਗਤਾਨ ਨਹੀਂ ਕੀਤਾ। ਪਟੀਸ਼ਨਕਰਤਾ ਨੇ ਮੁੜ ਹਾਈ ਕੋਰਟ ਦਾ ਰੁਖ ਕੀਤਾ ਹੈ। ਧਿਆਨ ਰਹੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੀ ਟੈਕਨੀਕਲ ਐਜੂਕੇਸ਼ਨ ਅਤੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲਹਿਰਾਗਾਗਾ ਦੇ ਗਵਰਨੈਂਸ ਬੋਰਡ ਦੇ ਚੇਅਰਮੈਨ ਹਨ। ਪ੍ਰੰਤੂ ਉਨ੍ਹਾਂ ਵੱਲੋਂ ਕਰਮਚਾਰੀਆਂ ਨੂੰ ਤਨਖਾਹ ਦੇਣ ਸਬੰਧੀ ਕੋਈ ਹੁਕਮ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਿ੍ਰੰਸੀਪਲ ਸੈਕਟਰੀ ਅਤੇ ਐਡੀਸ਼ਨਲ ਡਾਇਰੈਕਟਰ ਵੱਲੋਂ ਇਸ ਸਬੰਧੀ ਕੋਈ ਐਕਸ਼ਨ ਲਿਆ ਗਿਆ।