‘ਪਰਵਾਸੀ ਅਖਬਾਰ’ ਤੇ ਟੀਵੀ ਦੇ ਸੰਪਾਦਕ ਰਜਿੰਦਰ ਸੈਣੀ ਨੂੰ ਵੀ ਕੀਤਾ ਸਨਮਾਨਿਤ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਅ ਰਹੀ ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ‘ਪੰਜਾਬੀ ਜਾਗਰਣ’ ਦੇ ਸੰਪਾਦਕ ਵਰਿੰਦਰ ਵਾਲੀਆ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਬਰੈਂਪਟਨ ਵਿਖੇ ਸਭਾ ਦੇ ਦਫਤਰ ਵਿਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਡਾ. ਸੋਲਮਨ ਨਾਜ਼ ਵਲੋਂ ਵਰਿੰਦਰ ਸਿੰਘ ਵਾਲੀਆ ਨੂੰ ਸਨਮਾਨ ਚਿੰਨ੍ਹ ਤੇ ਵਰਲਡ ਪੰਜਾਬੀ ਕਾਨਫਰੰਸ 2025 ਦੀ ਯਾਦਗਾਰੀ ਡਾਇਰੀ ਭੇਟ ਕਰਕੇ ਸਨਮਾਨਿਆ ਗਿਆ ਤੇ ਉਨ੍ਹਾਂ ਦੀ ਲੰਬੇ ਸਮੇਂ ਤੋਂ ਪੰਜਾਬੀ ਮੀਡੀਆ ਤੇ ਸਾਹਿਤ ਲਈ ਕੀਤੀ ਜਾ ਰਹੀ ਸੇਵਾ ਨੂੰ ਮਾਣ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਨਹੀਂ, ਸਗੋਂ ਪੰਜਾਬੀ ਮਾਂ ਬੋਲੀ ਲਈ ਹੈ। ਅਦਾਰੇ ਵਲੋਂ ਵੀ ਪੰਜਾਬੀ ਨੂੰ ਪ੍ਰਫੁਲਤ ਕਰਨ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਗਤ ਪੰਜਾਬੀ ਸਭਾ ਵਲੋਂ ਵਿਦੇਸ਼ ਦੀ ਧਰਤੀ ‘ਤੇ ਲੋਕਾਂ ਨੂੰ ਪੰਜਾਬੀ ਨਾਲ ਜੋੜ ਕੇ ਰੱਖਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ। ਉਨ੍ਹਾਂ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਨਮਾਨ ਦੇਣ ਲਈ ਧੰਨਵਾਦ ਕੀਤਾ ਤੇ ਅਦਾਰਾ ‘ਪੰਜਾਬੀ ਜਾਗਰਣ’ ਵਲੋਂ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਵਰਿੰਦਰ ਸਿੰਘ ਵਾਲੀਆ ਨਾਲ ਆਪਣੀ ਵਿਅਕਤੀਗਤ ਸਾਂਝ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਜਾ ਰਹੀ ਸੇਵਾ ਨੂੰ ਸਲਾਹਿਆ।
ਇਸ ਮੌਕੇ ‘ਪਰਵਾਸੀ’ ਅਖਬਾਰ ਤੇ ਟੀਵੀ ਦੇ ਸੰਪਾਦਕ ਰਜਿੰਦਰ ਸੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਭ ਦਾ ਮਨ ਮੋਹ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿਆਰਾ ਸਿੰਘ ਕੁੱਦੋਵਾਲ, ਹਰਦਿਆਲ ਸਿੰਘ ਝੀਤਾ, ਗੁਰਚਰਨ ਸਿੰਘ ਦੁਬਈ, ਤ੍ਰਿਪਤਾ ਸੋਢੀ, ਮਨਪ੍ਰੀਤ ਕੌਰ (ਮਿਸ ਪੰਜਾਬਣ 2012), ਗੁਰਨਾਮ ਸਿੰਘ, ਅਮਰੀਕ ਸਿੰਘ ਸੰਘਾ, ਗੁਰਵੈਲ ਸਿੰਘ, ਪਰਮਜੀਤ ਸਿੰਘ ਗਿੱਲ, ਪ੍ਰੀਤ ਗਿੱਲ, ਸੋਢੀ, ਸੂਰਜ ਸਿੰਘ ਚੌਹਾਨ, ਨਰਿੰਦਰ ਸਿੰਘ ਢੀਂਡਸਾ, ਗੁਰਦਰਸ਼ਨ ਸਿੰਘ ਸ਼ੀਰਾ ਅਤੇ ਗੋਲਡੀ ਔਲਖ ਆਦਿ ਹਾਜ਼ਰ ਸਨ।

