
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਆਉਂਦੀ 3 ਨਵੰਬਰ ਨੂੰ ਮੱਧਕਾਲੀ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾਂ ਹੀ ਅਗਾਊਂ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ 4 ਕਰੋੜ ਤੋਂ ਜ਼ਿਆਦਾ ਵਿਅਕਤੀ ਆਪਣੀ ਵੋਟ ਪਾ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਗਾਊਂ ਵੋਟਿੰਗ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਪਿੱਛੇ ਚੱਲ ਰਹੀ ਹੈ। ਵਿਰੋਧੀ ਡੈਮੋਕਰੈਟਿਕ ਪਾਰਟੀ ਨੂੰ 47 ਫੀਸਦੀ ਅਤੇ ਰਿਪਬਲਿਕਨ ਪਾਰਟੀ ਨੂੰ 36 ਫੀਸਦੀ ਵੋਟਰਾਂ ਦਾ ਸਮਰਥਨ ਮਿਲ ਰਿਹਾ ਹੈ। ਇਸਦੇ ਚੱਲਦਿਆਂ ਡੋਨਾਲਡ ਟਰੰਪ ਨੇ ਅਮਰੀਕਾ ਦੇ 30 ਸੂਬਿਆਂ ਤੋਂ ਵੋਟਰ ਲਿਸਟ ਮੰਗ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਇਸ ਡੇਟਾ ਦੇ ਜ਼ਰੀਏ ਵਿਰੋਧੀ ਵੋਟਰਾਂ ਦੀ ਪਹਿਚਾਣ ਕਰਕੇ ਉਨ੍ਹਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਚੋਣਾਂ ਦੇ ਤੈਅ ਦਿਨ ਤੋਂ ਪਹਿਲਾਂ ਹੀ ਵੋਟ ਪਾਉਣ ਦੀ ਸਹੂਲਤ ਨੂੰ ਅਗਾਊਂ ਵੋਟਿੰਗ ਕਹਿੰਦੇ ਹਨ। ਵੋਟਰ ਚੋਣਾਂ ਵਾਲੇ ਦਿਨ ਦਾ ਇੰਤਜ਼ਾਰ ਕੀਤੇ ਬਿਨਾ ਤੈਅ ਸਮੇਂ ਦੇ ਦੌਰਾਨ ਆਪਣੀ ਵੋਟ ਪਾ ਸਕਦੇ ਹਨ। ਇਸਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਵੋਟ ਪਾਉਣ ਦਾ ਮੌਕਾ ਦੇਣਾ ਹੈ।

