ਪੁਲਿਸ ਨੇ ਕੀਤੀ ਪੁਸ਼ਟੀ ਅਤੇ ਜਾਂਚ ਪੜਤਾਲ ਕੀਤੀ ਸ਼ੁਰੂ
ਆਕਲੈਂਡ/ਬਿਊਰੋ ਨਿਊਜ਼
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸੋਸ਼ਲ ਮੀਡੀਆ ਦੇ ਟਵਿਟਰ ‘ਤੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਧਮਕੀ ਜੈਸਿੰਡਾ ਆਰਡਨ ਅਤੇ ਨਿਊਜ਼ੀਲੈਂਡ ਪੁਲਿਸ ਦੇ ਅਕਾਊਂਟ ‘ਤੇ ਟੈਗ ਕੀਤੀ ਗਈ ਹੈ ਜਿਸ ਵਿਚ ਭੇਜਣ ਵਾਲੇ ਨੇ ‘ਨੈਕਸਟ ਇਜ਼ ਯੂ’ ਲਿਖਿਆ ਹੈ। ਨਿਊਜ਼ੀਲੈਂਡ ਪੁਲਿਸ ਨੇ ਇਸ ਦੀ ਪੁਸ਼ਟੀ ਕਰਦਿਆਂ ਟਵਿਟਰ ਅਕਾਊਂਟ ‘ਤੇ ਭੇਜਣ ਵਾਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਧਿਆਨ ਰਹੇ ਕਿ ਨਿਊਜ਼ੀਲੈਂਡ ਵਿਚ ਲੰਘੀ 15 ਮਾਰਚ ਨੂੰ ਦੋ ਮਸਜਿਦਾਂ ‘ਤੇ ਹੋਈ ਗੋਲੀਬਾਰੀ ਵਿਚ 50 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਅਤੇ ਇਨ੍ਹਾਂ ਵਿਚ 8 ਭਾਰਤੀਆਂ ਦੀ ਮੌਤ ਵੀ ਹੋਈ ਸੀ। ਹਮਲੇ ਤੋਂ ਬਾਅਦ ਜੈਸਿੰਡਾ ਆਰਡਨ ਨੇ ਮੁਸਲਿਮ ਭਾਈਚਾਰੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਸੀ ਤਾਂ ਜੋ ਦੇਸ਼ ਵਿਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ।

