Breaking News
Home / ਦੁਨੀਆ / ਰਾਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਰਾਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਗੁਪਤ ਮਤਦਾਨ ਦੌਰਾਨ 225 ਮੈਂਬਰੀ ਸਦਨ ਵਿੱਚ ਵਿਕਰਮਸਿੰਘੇ ਨੂੰ ਮਿਲੀਆਂ 134 ਵੋਟਾਂ
ਕੋਲੰਬੋ/ਬਿਊਰੋ ਨਿਊਜ਼ : ਪਿਛਲੇ ਤਿੰਨ ਮਹੀਨੇ ਤੋਂ ਜਾਰੀ ਸਿਆਸੀ ਤੇ ਆਰਥਿਕ ਸੰਕਟ ਦਰਮਿਆਨ ਸੰਸਦ ਨੇ ਨਿਗਰਾਨ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ (73) ਨੂੰ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਛੇ ਵਾਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਵਿਕਰਮਸਿੰਘੇ ਨੂੰ 225 ਮੈਂਬਰੀ ਸਦਨ ਵਿੱਚ 134 ਵੋਟਾਂ ਪਈਆਂ। ਉਨ੍ਹਾਂ ਦੇ ਨੇੜਲੇ ਰਵਾਇਤੀ ਵਿਰੋਧੀ ਤੇ ਬਾਗ਼ੀ ਸੱਤਾਧਾਰੀ ਪਾਰਟੀ ਦੇ ਆਗੂ ਡੁਲਾਸ ਅਲਾਹਪਪੇਰੁਮਾ ਨੂੰ 82 ਵੋਟ ਪਏ ਜਦੋਂਕਿ ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ ਆਗੂ ਅਨੁਰਾ ਕੁਮਾਰਾ ਦਿਸਸਨਾਨਾਇਕੇ ਨੂੰ ਮਹਿਜ਼ ਤਿੰਨ ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੇ ਨਤੀਜਿਆਂ ਦਾ ਐਲਾਨ ਕੀਤਾ। ਰਾਸ਼ਟਰਪਤੀ ਚੁਣੇ ਜਾਣ ਮਗਰੋਂ ਵਿਕਰਮਸਿੰਘੇ ਨੇ ਜਮਹੂਰੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਸੰਸਦ ਦਾ ਧੰਨਵਾਦ ਕੀਤਾ। ਉਨ੍ਹਾਂ ਰਵਾਇਤੀ ਵਿਰੋਧੀ ਉਮੀਦਵਾਰਾਂ ਸਣੇ ਸਾਬਕਾ ਰਾਸ਼ਟਰਪਤੀਆਂ ਮਹਿੰਦਾ ਰਾਜਪਕਸੇ ਤੇ ਮੈਤਰੀਪਾਲ ਸ੍ਰੀਸੈਨਾ ਤੋਂ ਮੁਲਕ ਨੂੰ ਦਰਪੇਸ਼ ਆਰਥਿਕ ਸੰਕਟ ‘ਚੋਂ ਉਭਰਨ ਲਈ ਹਮਾਇਤ ਮੰਗੀ। ਉਨ੍ਹਾਂ ਤਾਮਿਲ ਆਗੂਆਂ ਨੂੰ ਵੀ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਦੌਰਾਨ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂਨੇ ਵਿਕਰਮਸਿੰਘੇ ਦੇ ਅਸਤੀਫੇ ਦੀ ਮੰਗ ਦੁਹਰਾਈ ਹੈ।
ਵਿਕਰਮਸਿੰਘੇ ਨੇ ਕਿਹਾ, ”ਹੁਣ ਜਦੋਂ ਚੋਣਾਂ ਦਾ ਅਮਲ ਮੁਕੰਮਲ ਹੋ ਗਿਆ ਹੈ, ਸਾਨੂੰ ਇਹ ਵੰਡੀਆਂ ਖ਼ਤਮ ਕਰਨੀਆਂ ਪੈਣਗੀਆਂ…ਅੱਜ ਤੋਂ ਮੈਂ ਤੁਹਾਡੇ ਨਾਲ ਸੰਵਾਦ ਲਈ ਤਿਆਰ ਹਾਂ।” ਉਨ੍ਹਾਂ ਕਿਹਾ ਕਿ ਦੇਸ਼ ਸੰਕਟਮਈ ਹਾਲਾਤ ‘ਚੋਂ ਲੰਘ ਰਿਹਾ ਸੀ ਤੇ ਨੌਜਵਾਨ ਤਬਦੀਲੀ ਲਈ ਦੁਹਾਈ ਦੇ ਰਹੇ ਸਨ।” ਵਿਦੇਸ਼ੀ ਕਰੰਸੀ ਦੀ ਤੋਟ ਕਰਕੇ ਆਰਥਿਕ ਸੰਕਟ ਵਿੱਚ ਘਿਰੇ ਮੁਲਕ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੌਮਾਂਤਰੀ ਮੁਦਰਾ ਫੰਡ ਨਾਲ ਅਹਿਮ ਗੱਲਬਾਤ ਦੀ ਅਗਵਾਈ ਕਰਨ ਵਾਲੇ ਵਿਕਰਮਸਿੰਘੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਗੱਲਬਾਤ ਸਿਰੇ ਲੱਗਣ ਦੇ ਨੇੜੇ ਹੈ। ਨਵੇਂ ਰਾਸ਼ਟਰਪਤੀ ਵਿਕਰਮਸਿੰਘੇ ਦਾ ਕਾਰਜਕਾਲ ਨਵੰਬਰ 2024 ਤੱਕ ਹੋਵੇਗਾ। ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ, ਜੋ ਅਰਥਚਾਰੇ ਦੀ ਬਦਇੰਤਜ਼ਾਮੀ ਖਿਲਾਫ਼ ਉਠੇ ਲੋਕ ਰੋਹ ਮਗਰੋਂ ਦੇਸ਼ ਛੱਡ ਕੇ ਪਹਿਲਾਂ ਮਾਲਦੀਵਜ਼ ਤੇ ਉਥੋਂ ਸਿੰਗਾਪੁਰ ਭੱਜ ਗਏ ਸਨ, ਨੂੰ ਲੋਕਾਂ ਨੇ ਨਵੰਬਰ 2024 ਤੱਕ ਲਈ ਫ਼ਤਵਾ ਦਿੱਤਾ ਸੀ। ਨਵੇਂ ਰਾਸ਼ਟਰਪਤੀ ਵਜੋਂ ਵਿਕਰਮਸਿੰਘੇ ਦੀ ਗੁਪਤ ਮਤਦਾਨ ਰਾਹੀਂ ਹੋਈ ਚੋਣ ਵਿੱਚ 223 ਸੰਸਦ ਮੈਂਬਰਾਂ ਨੇ ਵੋਟ ਪਾਈ ਜਦੋਂਕਿ ਦੋ ਮੈਂਬਰ ਗ਼ੈਰਹਾਜ਼ਰ ਰਹੇ ਅਤੇ ਚਾਰ ਵੋਟਾਂ ਰੱਦ ਹੋਈਆਂ। ਰਾਸ਼ਟਰਪਤੀ ਦੇ ਅਹੁਦੇ ਲਈ ਵਿਕਰਮਸਿੰਘੇ ਦੇ ਨਾਂ ਦੀ ਤਜਵੀਜ਼ ਸਦਨ ਦੇ ਨੇਤਾ ਅਤੇ ਮੰਤਰੀ ਦਿਨੇਸ਼ ਗੁਨਾਵਰਦਨੇ ਨੇ ਰੱਖੀ ਸੀ ਜਦੋਂਕਿ ਸੰਸਦ ਮੈਂਬਰ ਮਨੁਸ਼ਾ ਨਾਨਾਇਕਾਕਾਰਾ ਨੇ ਇਸ ਦੀ ਤਈਦ ਕੀਤੀ ਸੀ। ਪੰਜ ਦਹਾਕਿਆਂ ਤੱਕ ਸੰਸਦ ਵਿੱਚ ਰਹੇ ਵਿਕਰਮਸਿੰਘੇ ਨੂੰ ਇਸ ਸਾਲ ਮਈ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਪਾਰਟੀ ਯੂਨਾਈਟਿਡ ਨੈਸ਼ਨਲ ਪਾਰਟੀ ਅਗਸਤ 2020 ਦੀਆਂ ਆਮ ਚੋਣਾਂ ਵਿੱਚ ਇਕ ਵੀ ਸੀਟ ਜਿੱਤਣ ਵਿੱਚ ਨਾਕਾਮ ਰਹੀ ਸੀ। ਗੋਟਾਬਾਯਾ ਰਾਜਪਕਸੇ ਦੇ 13 ਜੁਲਾਈ ਨੂੰ ਦੇਸ਼ ਛੱਡ ਕੇ ਭੱਜਣ ਮਗਰੋਂ ਉਨ੍ਹਾਂ ਕਾਰਜਕਾਰੀ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ। ਸ੍ਰੀਲੰਕਾ ਵਿੱਚ ਪਿਛਲੇ 44 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੀ ਸੰਸਦ ਨੇ ਸਿੱਧਿਆਂ ਰਾਸ਼ਟਰਪਤੀ ਦੀ ਚੋਣ ਕੀਤੀ ਹੈ। ਸ੍ਰੀਲੰਕਾ ਵਿੱਚ ਆਮ ਕਰਕੇ ਰਾਸ਼ਟਰਪਤੀ ਨੂੰ ਵੋਟਾਂ ਰਾਹੀਂ ਚੁਣਿਆ ਜਾਂਦਾ ਹੈ।
ਸ੍ਰੀਲੰਕਾ ਦੀ ਹਮਾਇਤ ਜਾਰੀ ਰੱਖਾਂਗੇ : ਭਾਰਤ
ਕੋਲੰਬੋ : ਸ੍ਰੀਲੰਕਾ ਦੀ ਸੰਸਦ ਵੱਲੋਂ ਤਜਰਬੇਕਾਰ ਸਿਆਸਤਦਾਨ ਰਨਿਲ ਵਿਕਰਮਸਿੰਘੇ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਕੋਲੰਬੋ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਇਕ ਟਵੀਟ ਵਿੱਚ ਕਿਹਾ ਕਿ ਉਹ ਸ੍ਰੀਲੰਕਾ ਦੇ ਲੋਕਾਂ ਵੱਲੋਂ ਸਥਿਰਤਾ ਤੇ ਆਰਥਿਕ ਪੱਖੋਂ ਪੈਰਾਂ ਸਿਰ ਹੋਣ ਲਈ ਕੀਤੇ ਜਾ ਰਹੇ ਯਤਨਾਂ ਦੀ, ਜਮਹੂਰੀ ਢੰਗ ਤਰੀਕੇ ਅਤੇ ਸਥਾਪਤ ਜਮਹੂਰੀ ਸੰਸਥਾਵਾਂ ਤੇ ਸੰਵਿਧਾਨਕ ਢਾਂਚੇ ਰਾਹੀਂ, ਹਮਾਇਤ ਕਰਦਾ ਰਹੇਗਾ। ਇਸ ਤੋਂ ਪਹਿਲਾਂ ਵੀ ਭਾਰਤੀ ਹਾਈ ਕਮਿਸ਼ਨ ਨੇ ਸ੍ਰੀਲੰਕਾ ਨੂੰ ਦਰਪੇਸ਼ ਸਿਆਸੀ ਤੇ ਆਰਥਿਕ ਸੰਕਟ ਦੌਰਾਨ ਕਿਹਾ ਸੀ ਕਿ ‘ਉਹ ਦੂਜੇ ਮੁਲਕ ਦੇ ਅੰਦਰੂਨੀ ਮਾਮਲਿਆਂ ਤੇ ਜਮਹੂਰੀ ਅਮਲਾਂ ਵਿੱਚ ਦਖ਼ਲ ਨਹੀਂ ਦਿੰਦਾ।’

 

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …