ਨਨਕਾਣਾ ਸਾਹਿਬ : ਪਾਕਿਸਤਾਨ ਵਿਚ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ‘ਤੇ ਲੰਘੇ ਦਿਨੀਂ ਭੜਕੀ ਭੀੜ ਨੇ ਪਥਰਾਅ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਦਯਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੂਰਾ ਹੰਗਾਮਾ ਇਕ ਨਿੱਜੀ ਝਗੜੇ ਤੋਂ ਸ਼ੁਰੂ ਹੋਇਆ ਸੀ। ਫਿਰ ਇਸ ਨੇ ਪਥਰਾਅ ਜਿਹੀ ਘਟਨਾ ਵਰਗਾ ਰੂਪ ਲੈ ਲਿਆ। ਭੀੜ ਨੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਗੁਰਦੁਆਰਾ ਸਾਹਿਬ ਨੂੰ ਘੇਰ ਲਿਆ ਅਤੇ ਸਿੱਖ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਨਿੱਜੀ ਝਗੜੇ ਨੂੰ ਸਿੱਖ ਭਾਈਚਾਰੇ ਨਾਲ ਜੋੜਨ ਦੀ ਸਾਜਿਸ਼ : ਨਨਕਾਣਾ ਸਾਹਿਬ ਵਿਚ ਬੇਵਜ੍ਹਾ ਗੁਰਦੁਆਰੇ ਦੇ ਕੋਨੇ ‘ਤੇ ਚੱਲ ਰਹੀ ਦੁੱਧ-ਦਹੀਂ ਦੀ ਇਕ ਦੁਕਾਨ ਹੈ। ਸ਼ੁੱਕਰਵਾਰ ਨੂੰ ਇੱਥੇ ਕਿਸੇ ਵਿਅਕਤੀ ਨੇ ਦਹੀ ਲਈ। ਇਸ ਵਿਚ ਮੱਖੀ ਡਿੱਗੀ ਹੋਣ ਦੀ ਸ਼ਿਕਾਇਤ ਕੀਤੀ ਅਤੇ ਪੈਸੇ ਨਾ ਦੇਣ ‘ਤੇ ਵਿਵਾਦ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਤਾਂ ਹੰਗਾਮਾ ਕਰ ਰਹੇ ਵਿਅਕਤੀਆਂ ਨੇ ਪਥਰਾਅ ਕਰ ਦਿੱਤਾ, ਜਿਸ ਦੌਰਾਨ ਪੁਲਿਸ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ।
ਭੀੜ ਨੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਗੁਰਦੁਆਰਾ ਘੇਰ ਲਿਆ : ਇਸ ਤੋਂ ਬਾਅਦ ਜਦ ਪੁਲਿਸ ਨੇ ਅਹਸਾਨ ਦੇ ਪਰਿਵਾਰ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਤਾਂ ਭੀੜ ਹੋਰ ਜਮ੍ਹਾ ਹੋਣ ਲੱਗ ਪਈ। ਅਹਸਾਨ ਉਹੀ ਵਿਅਕਤੀ ਹੈ, ਜਿਸ ਨੇ ਅਗਸਤ 2019 ਵਿਚ ਸਿੱਖ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਸ਼ਾਦੀ ਕਰ ਲਈ ਸੀ। ਅਹਸਾਨ ਦਾ ਚਾਚਾ ਇਸ ਦੁਕਾਨ ਨੂੰ ਚਲਾਉਂਦਾ ਹੈ। ਪੁਲਿਸ ਹਿਰਾਸਤ ਵਿਚ ਲਏ ਗਏ ਦੋ ਵਿਅਕਤੀਆਂ ਦੀ ਰਿਹਾਈ ਲਈ ਵੱਡੀ ਗਿਣਤੀ ਲੋਕਾਂ ਨੇ ਪਲਿਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਗੁਰਦੁਆਰਾ ਸਾਹਿਬ ਨੂੰ ਘੇਰ ਲਿਆ ਅਤੇ ਸਿੱਖ ਵਿਰੋਧੀ ਨਾਅਰੇ ਵੀ ਲਗਾਏ ਸਨ।
ਹੰਗਾਮੇ ਦੌਰਾਨ ਮਹਿਲਾਵਾਂ ਅਤੇ ਬੱਚਿਆਂ ਸਮੇਤ 20 ਦੇ ਵਿਅਕਤੀ ਗੁਰਦੁਆਰਾ ਸਾਹਿਬ ‘ਚ ਮੌਜੂਦ ਸਨ : ਹੈਡ ਗ੍ਰੰਥੀ ਦਯਾ ਸਿੰਘ ਨੇ ਦੱਸਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਤ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਗਿਆ ਸੀ। ਸ਼ਾਮ ਕਰੀਬ 7 ਵਜੇ ਹੀ ਨਨਕਾਣਾ ਸਾਹਿਬ ਵਿਚ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦਾ ਪਤਾ ਲੱਗਾ, ਮੈਂ ਤੁਰੰਤ ਵਾਪਸ ਪਰਤਿਆ। ਕਰੀਬ 9 ਵਜੇ ਪਹੁੰਚਿਆ ਤਾਂ ਉਥੇ ਮਾਹੌਲ ਸ਼ਾਂਤ ਸੀ। ਉਨ੍ਹਾਂ ਕਿਹਾ ਜਿੰਨਾ ਮੈਨੂੰ ਪਤਾ ਲੱਗਿਆ, ਹੰਗਾਮੇ ਦੌਰਾਨ ਗੁਰੂਘਰ ਦੇ ਅੰਦਰ ਮਹਿਲਾਵਾਂ ਅਤੇ ਬੱਚਿਆਂ ਸਮੇਤ ਕਰੀਬ 20 ਵਿਅਕਤੀ ਹਾਜ਼ਰ ਸਨ। ਉਨ੍ਹਾਂ ਦੀ ਸੁਰੱਖਿਆ ਦਾ ਸਵਾਲ ਵੱਡੀ ਗੱਲ ਸੀ, ਕਿਉਂਕਿ ਬਾਹਰ 400 ਦੇ ਕਰੀਬ ਵਿਅਕਤੀਆਂ ਦੀ ਭੀੜ ਸੀ ਅਤੇ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ।
ਗੁਰਦੁਆਰਾ ਸਾਹਿਬ ਕੋਲ ਸਿੱਖ ਭਾਈਚਾਰੇ ਦੇ ਕਰੀਬ 250 ਪਰਿਵਾਰ ਰਹਿੰਦੇ ਹਨ : ਗੁਰਦੁਆਰਾ ਸਾਹਿਬ ਦੇ ਨੇੜੇ ਕਰੀਬ 250 ਪਰਿਵਾਰ ਰਹਿੰਦੇ ਹਨ। ਹੰਗਾਮੇ ਦੌਰਾਨ ਜ਼ਿਆਦਾਤਰ ਲੋਕ ਘਰਾਂ ਵਿਚ ਹੀ ਸਨ। ਉਨ੍ਹਾਂ ਨੂੰ ਇਹੀ ਡਰ ਸਤਾ ਰਿਹਾ ਸੀ ਕਿ ਭੀੜ ਕਿਤੇ ਘਰਾਂ ‘ਤੇ ਹਮਲਾ ਨਾ ਕਰ ਦੇਵੇ। ਗੁਰਦੁਆਰੇ ਵਿਚ ਵੀ ਭੀੜ ਨੂੰ ਡਰ ਲੱਗ ਰਿਹਾ ਸੀ। ਕੋਈ ਕਮਰੇ ਵਿਚ, ਕੋਈ ਬਾਥਰੂਮ ਵਿਚ ਅਤੇ ਕੋਈ ਗੈਰਜ ਵਿਚ ਲੁਕ ਗਿਆ।
ਪਿਸ਼ਾਵਰ ‘ਚ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਅੰਮ੍ਰਿਤਸਰ : ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਹਮਲੇ ਦੀ ਘਟਨਾ ਵਾਪਰਨ ਦੇ ਦੋ ਦਿਨਾਂ ਬਾਅਦ ਹੀ ਪਿਸ਼ਾਵਰ ਇਲਾਕੇ ਵਿਚ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਕੀਤੇ ਗਏ ਸਿੱਖ ਨੌਜਵਾਨ ਦੀ ਸ਼ਨਾਖਤ ਪਰਵਿੰਦਰ ਸਿੰਘ ਵਜੋਂ ਹੋਈ ਹੈ। ਇਹ ਨੌਜਵਾਨ ਪਾਕਿਸਤਾਨੀ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਹੈ ਜੋ ਟੀਵੀ ਚੈਨਲ ਨਾਲ ਜੁੜਿਆ ਹੋਇਆ ਹੈ। ਉਹ ਖ਼ੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਤੋਂ ਆਪਣੇ ਵਿਆਹ ਦੇ ਸਾਮਾਨ ਦੀ ਖ਼ਰੀਦਦਾਰੀ ਲਈ ਪਿਸ਼ਾਵਰ ਆਇਆ ਸੀ। ਰਿਪੋਰਟਾਂ ਮੁਤਾਬਕ ਮਲੇਸ਼ੀਆ ‘ਚ ਕਾਰੋਬਾਰ ਕਰਦੇ ਪਰਵਿੰਦਰ ਸਿੰਘ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ। ਪੁਲਿਸ ਮੁਤਾਬਕ ਉਸ ਦੀ ਗੋਲੀਆਂ ਨਾਲ ਵਿੰਨ੍ਹੀ ਹੋਈ ਲਾਸ਼ ਚਮਕਾਨੀ ਪੁਲਿਸ ਥਾਣੇ ਹੇਠ ਪੈਂਦੇ ਇਲਾਕੇ ‘ਚੋਂ ਮਿਲੀ ਅਤੇ ਉਸ ਨੂੰ ਹਸਪਤਾਲ ਭੇਜ ਕੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …