ਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਤੋਂ ਪੁਲਿਸ ਵਲੋਂ ਪੁੱਛ-ਗਿੱਛ ਕਰਨ ‘ਤੇ ਭਖਿਆ ਮਾਮਲਾ
ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਵਾਲੇ ਮੁਹੰਮਦ ਅਹਿਸਾਨ ਨਾਮੀ ਨੌਜਵਾਨ ਪਾਸੋਂ ਪੁਲਿਸ ਦੁਆਰਾ ਪੁੱਛਗਿੱਛ ਕਰਨ ‘ਤੇ ਮਾਮਲਾ ਭੜਕ ਉੱਠਿਆ ਅਤੇ ਉਕਤ ਨੌਜਵਾਨ ਦੇ ਵੱਡੇ ਭਰਾ ਰਾਜਾ ਮਨਸੂਰ ਨੇ ਸਥਾਨਕ ਲੋਕਾਂ ਨੂੰ ਲੈ ਕੇ ਇਸ ਦੇ ਵਿਰੋਧ ‘ਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਸਿੱਖ ਭਾਈਚਾਰੇ ਦੇ ਵਿਅਕਤੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਪੁਲਿਸ ਦੁਆਰਾ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਉਰਫ਼ ਆਸੀਆ ਬੀਬੀ ਨੂੰ ਵਾਪਸ ਕੀਤੇ ਜਾਣ ਲਈ ਕਿਹਾ ਜਾ ਰਿਹਾ ਹੈ। ਉੱਧਰ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋਏ 300-400 ਦੇ ਲਗਪਗ ਮੁਸਲਿਮ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਮੁਹੰਮਦ ਅਹਿਸਾਨ ਦੇ ਵੱਡੇ ਭਰਾ ਰਾਜਾ ਮਨਸੂਰ ਦੇ ਕਹਿਣ ‘ਤੇ ਨਾ ਸਿਰਫ਼ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਸਾਹਿਬ ਅਤੇ ਆਸ-ਪਾਸ ਰਹਿੰਦੇ ਸਿੱਖਾਂ ਦੇ ਘਰਾਂ ‘ਤੇ ਪੱਥਰਬਾਜ਼ੀ ਹੀ ਕੀਤੀ, ਸਗੋਂ ਇਹ ਵੀ ਧਮਕੀ ਦਿੱਤੀ ਕਿ ਸ੍ਰੀ ਨਨਕਾਣਾ ਸਾਹਿਬ ‘ਚ ਇਕ ਵੀ ਸਿੱਖ ਪਰਿਵਾਰ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ। ਉਸ ਨੇ ਹਾਜ਼ਰ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਂਦਿਆਂ ਕਿਹਾ ਕਿ ਉਸ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਪੁਲਿਸ ਪ੍ਰਮੁੱਖ ਅਤੇ ਗ੍ਰਹਿ ਮੰਤਰੀ ਬ੍ਰਿਗੇਡੀਅਰ (ਸੇਵਾ ਮੁਕਤ) ਇਜਾਜ਼ ਸ਼ਾਹ ਦੇ ਇਸ਼ਾਰੇ ‘ਤੇ ਐਸ. ਐਚ. ਓ. ਤਸਵੁਰ ਮੁਨੀਰ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਕਿਹਾ ਹੈ ਕਿ ਉਸ ਦਾ ਭਰਾ ਜਗਜੀਤ ਕੌਰ ਨੂੰ ਤਲਾਕ ਦੇ ਕੇ ਉਸ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦੇਵੇ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਉਸ ਦਾ ਭਰਾ ਜਗਜੀਤ ਕੌਰ ਨੂੰ ਅਦਾਲਤ ਦੇ ਹੁਕਮਾਂ ਬਗੈਰ ਕਿਸੇ ਵੀ ਹਾਲ ‘ਚ ਵਾਪਸ ਨਹੀਂ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਹਾਈਕੋਰਟ ‘ਚ ਜਗਜੀਤ ਕੌਰ ਦੇ ਚੱਲ ਰਹੇ ਕੇਸ ਨੂੰ ਲੈ ਕੇ ਸੁਰੱਖਿਆ ਦੀ ਘਾਟ ਦੱਸਦਿਆਂ ਪੁਲਿਸ ਉਸ ਨੂੰ ਅਜੇ ਤੱਕ ਅਦਾਲਤ ‘ਚ ਪੇਸ਼ ਨਹੀਂ ਕਰ ਸਕੀ ਹੈ। ਜਿਸ ਕਾਰਨ ਉਸ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਨ। ਫਿਲਹਾਲ ਉਸ ਨੂੰ ਭਾਰੀ ਸੁਰੱਖਿਆ ਹੇਠ ਲਾਹੌਰ ਦਾਰੂਲ ਅਮਨ (ਸ਼ੈਲਟਰ ਹੋਮ) ‘ਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਸਥਿਤ ਗਵਰਨਰ ਹਾਊਸ ਵਿਖੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਵਲੋਂ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਵੀ ਕਰਵਾਇਆ ਗਿਆ ਸੀ, ਜਿਸ ਦੇ ਬਾਅਦ ਉਕਤ ਮੁਹੰਮਦ ਅਹਿਸਾਨ ਦੇ ਪਿਤਾ ਜੁਲਫਿਕਾਰ ਅਲੀ ਖ਼ਾਨ ਅਤੇ ਉਸ ਦੇ ਵਕੀਲ ਨੇ ਭਰੋਸਾ ਦਿੱਤਾ ਸੀ ਕਿ ਜਗਜੀਤ ਕੌਰ ਨੂੰ ਤਲਾਕ ਦੇਣ ਉਪਰੰਤ ਉਸ ਦੀ ਰਜ਼ਾਮੰਦੀ ਅਨੁਸਾਰ ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਸਿੱਖ ਭਾਈਚਾਰੇ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਗਜੀਤ ਕੌਰ ਨੂੰ ਜਲਦੀ ਉਸ ਦੇ ਵਾਰਿਸਾਂ ਦੇ ਸਪੁਰਦ ਕੀਤਾ ਜਾਵੇ।
ਇਮਰਾਨ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ : ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਨਕਾਣਾ ਸਾਹਿਬ ਵਿਖੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਸ ਸਬੰਧੀ ਤੁਰੰਤ ਦਖ਼ਲ ਦੇਣ।
ਪਾਕਿ ਸਰਕਾਰ ਗੁਰਦੁਆਰਿਆਂ ਅਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ : ਸਿੰਘ ਸਾਹਿਬ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਨਨਕਾਣਾ ਸਾਹਿਬ ‘ਤੇ ਪਥਰਾਅ ਕਰਨ ਅਤੇ ਸਿੱਖਾਂ ਦੇ ਘਰਾਂ ‘ਤੇ ਹਮਲੇ ਕੀਤੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਪਾਕਿ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਉਥੇ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਵਲੋਂ ਨਿਖੇਧੀ
ਜਲੰਧਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਧਾਰਮਿਕ ਘੱਟ ਗਿਣਤੀ ਬੇਹੱਦ ਡਰ ਤੇ ਸਹਿਮ ਵਿਚ ਹਨ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਜ਼ੋਰ ਨਾਲ ਪਾਕਿਸਤਾਨ ਸਰਕਾਰ ਕੋਲ ਇਹ ਮਾਮਲਾ ਉਠਾਉਣ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …