ਟੋਰਾਂਟੋ/ਹਰਜੀਤ ਸਿੰਘ ਬਾਜਵਾ
ਮਾਂ ਦਾ ਦੁਪੱਟਾ ਖਿੱਚ ਕੇ ਚੌਂਕ ਵਿੱਚ ਵੇਚਣ ਨੂੰ ਕਮਾਈ ਨਹੀ ਬੇ-ਹਯਾਈ ਕਹਿੰਦੇ ਹਨ ਅਤੇ ਅੱਜ ਤੱਕ ਇਹ ਹੁੰਦਾ ਆਇਆ ਹੈ ਕਿ ਜਿਹੜਾ ਆਪਣੀ ਜਨਮ ਦੇਣ ਵਾਲੀ ਮਾਂ ਅਤੇ ਆਪਣੀ ਮਾਂ ਬੋਲੀ ਅੱਗੇ ਝੁਕਿਆ ਹੈ ਦੁਨੀਆ ਉਸ ਅੱਗੇ ਝੁਕਦੀ ਆਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬੀ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਨੇ ਬਰੈਂਪਟਨ ਵਿਖੇ ਰਾਜ ਮਿਊਜ਼ਿਕ ਅਕੈਡਮੀ ਦੇ ਸੰਚਾਲਕ ਅਤੇ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਹ ਆਪਣੀ ਪਤਨੀ ਅਤੇ ਪ੍ਰਸਿੱਧ ਪੰਜਾਬੀ ਗਾਇਕਾ/ਫਿਲਮ ਅਦਾਕਾਰਾ ਅਮਰ ਨੂਰੀ ਨਾਲ ਆਏ ਹੋਏ ਸਨ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਸਮੇਤ ਟੋਰਾਂਟੋ ਵਿਖੇ ਆਪਣੇ ਨਿੱਜੀ ਅਤੇ ਪਰਿਵਾਰਕ ਦੌਰੇ ‘ਤੇ਼ ਆਏ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਸਾਂਝੇ ਤੌਰ ‘ਤੇ਼ ਆਖਿਆ ਕਿ ਗੀਤ-ਸੰਗੀਤ ਅਤੇ ਸੱਭਿਆਚਾਰ ਕਿਸੇ ਵੀ ਕੌਮ ਦਾ ਸਰਮਾਇਆ ਅਤੇ ਇਤਿਹਾਸ ਹੁੰਦਾ ਹੈ ਅਤੇ ਕਿਸੇ ਵੀ ਕੌਮ ਦੇ ਗੀਤ-ਸੰਗੀਤ ਨੂੰ ਵੇਖ ਕੇ ਉਸ ਕੌਮ ਦੀ ਚੜ੍ਹਦੀ ਕਲਾ ਜਾਂ ਤਰਾਸਦੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਅੱਜ ਕੱਲ੍ਹ ਚਲ ਰਹੇ ਗੀਤ-ਸੰਗੀਤ ਉੱਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਉਦਾਸ ਮਨ ਨਾਲ ਉਹਨਾਂ ਨੇ ਆਖਿਆ ਕਿ ਸਮੇਂ ਦੇ ਹਿਸਾਬ ਨਾਲ ਜੋ ਚੱਲ ਰਿਹਾ ਹੈ ਸਭ ਠੀਕ ਹੀ ਹੈ ਪਰ ਹੁਣ ਸਿਹਤਮੰਦ ਸੋਚ ਦੇ ਗੀਤਕਾਰਾਂ ਅਤੇ ਗਾਇਕਾਂ ਦੀ ਪੰਜਾਬ ਨੂੰ ਜ਼ਿਆਦਾ ਜ਼ਰੂਰਤ ਹੈ। ਉਹਨਾਂ ਆਖਿਆ ਕਿ ਲੰਮੀ ਚੁੱਪ ਤੋਂ ਬਾਅਦ ਉਹਨਾਂ ਦੇ (ਸਰਦੂਲ ਅਤੇ ਅਮਰ ਨੂਰੀ ਦੇ) ਕੁਝ ਸੋਲੋ ਅਤੇ ਦੋਗਾਣਿਆਂ ਦੇ ਰਿਕਾਰਡ ਉਹਨਾਂ ਦੇ ਸਪੁੱਤਰਾਂ ਅਲਾਪ ਅਤੇ ਸਾਰੰਗ ਦੇ ਸੰਗੀਤ ਤੋਂ ਇਲਾਵਾ ਅਲੱਗ-ਅਲੱਗ ਸੰਗੀਤਕਾਰਾਂ ਦੇ ਸੰਗੀਤ ਵਿੱਚ ਛੇਤੀ ਮਾਰਕੀਟ ਵਿੱਚ ਆ ਰਹੇ ਹਨ ਜਦੋਂ ਕਿ ਉਹ ਨਵੇਂ ਸਾਲ ਵਿੱਚ ਅਲਾਪ ਨੂੰ ਵੀ ਸੰਗੀਤ ਦੀ ਦੁਨੀਆਂ ਵਿੱਚ ਪੇਸ਼ ਕਰ ਰਹੇ ਹਨ ਜਿਸ ਤੋਂ ਸਾਨੂੰ ਕਾਫੀ ਸੰਭਾਵਨਾਵਾਂ ਹਨ । ਇਸ ਮੌਕੇ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੂੰ ਰਾਜ ਮਿਉਜ਼ਿਕ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਬੀਬੀ ਰਣਜੀਤ ਕੌਰ, ਹਰਪ੍ਰੀਤ ਕੌਰ, ਰਸ਼ਪਾਲ ਸਿੰਘ ਪਾਲੀ, ਜਸਵਿੰਦਰ ਸਿੰਘ ਮੁਕੇਰੀਆਂ, ਗਗਨਦੀਪ ਸਿੰਘ ਰਾਜ ਅਤੇ ਰਵਨੀਤ ਸਿੰਘ ਰਾਜ ਵੀ ਇਸ ਮੌਕੇ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …