Breaking News
Home / ਕੈਨੇਡਾ / ਕੈਨੇਡੀਅਨ ਮੈਰੀਜੁਆਨਾ ਤੇ ਹੋਰ ਕੰਪਨੀਆਂ ਵੱਲੋਂ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਤਿਆਰੀਆਂ ਸ਼ੁਰੂ

ਕੈਨੇਡੀਅਨ ਮੈਰੀਜੁਆਨਾ ਤੇ ਹੋਰ ਕੰਪਨੀਆਂ ਵੱਲੋਂ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਤਿਆਰੀਆਂ ਸ਼ੁਰੂ

ਟੋਰਾਂਟੋ/ਡਾ ਝੰਡ : ਇਸ ਸਾਲ ਦੌਰਾਨ ਆਉਂਦੇ ਕੁਝ ਮਹੀਨਿਆਂ ਤੱਕ ਕੈਨੇਡਾ ਦੀ ਸਰਕਾਰ ਵੱਲੋਂ ਮੈਰੀਜੁਆਨਾ (ਭੰਗ) ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਕੈਨੇਡੀਅਨ ਕੰਪਨੀਆਂ ਨੇ ਲੋਕਾਂ ਨੂੰ ਇਸ ਦੇ ਨਾਲ ਜੁੜੇ ਰੋਜ਼ਗਾਰਾਂ ਵਿਚ ਨੌਕਰੀਆਂ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕਾਂ ਨੂੰ ਰੋਜ਼ਗਾਰ ਦਿਵਾਉਣ ਵਾਲੀ ਕੰਪਨੀ ‘ਕੈਨਾਬਸ ਐਟ ਵਰਕ’ ਚਲਾਉਣ ਵਾਲੇ ਐਲੀਸਨ ਮੈਕਮੋਹਨ ਨੇ ਦੱਸਿਆ ਕਿ ਹੁਣ ਇਸ ਪਾਸੇ ਨੌਕਰੀਆਂ ਦਾ ਰਾਹ ਖੁੱਲ੍ਹਣ ਵਾਲਾ ਹੈ। ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਮਿਲ ਜਾਣ ਨਾਲ ਇਸ ਦੇ ਉਗਾਉਣ ਤੋਂ ਲੈ ਕੇ ਇਸ ਦੀ ਵਿੱਕਰੀ ਅਤੇ ਮਾਰਕੀਟਿੰਗ ਲਈ ਹਰੇਕ ਅਹੁਦੇ ਉੱਪਰ ਸਟਾਫ਼ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਕੈਨਾਬਿਸ ਕੰਪਨੀਆਂ ਨਾਲ ਕੰਮ ਕਰਨ ਲਈ ਅਪਲਾਈ ਕਰਨ ਤੋਂ ਡਰ ਲੱਗਦਾ ਸੀ ਪਰ ਹੁਣ ਉਨ੍ਹਾਂ ਦੀਆਂ ਇਹ ਲੋਕ-ਮਾਨਤਾਵਾਂ ਬਦਲ ਗਈਆਂ ਹਨ ਅਤੇ ਲੋਕ ਨਵੇਂ ਮੌਕਿਆਂ ਦੀ ਤਲਾਸ਼ ਵਿਚ ਬੜੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ। ਏਸੇ ਤਰ੍ਹਾਂ ‘ਲਿਫ਼ਟ’ ਕੰਪਨੀ ਦੇ ਚੀਫ਼ ਮਾਰਕੀਟਿੰਗ ਅਫ਼ਸਰ ਕੈਰੀ ਲਿੰਨ ਦਾ ਕਹਿਣਾ ਹੈ ਕਿ ਹੁਣ ਇਸ ਖ਼ੇਤਰ ਨਾਲ ਸਬੰਧਿਤ ਕੰਪਨੀਆਂ ਵੀ ਹੁਨਰਮੰਦ ਲੋਕਾਂ ਨੂੰ ਹੀ ਕੰਮ ‘ਤੇ ਰੱਖਣਾ ਚਾਹੁੰਦੀਆਂ ਹਨ। ਦਰਜਨਾਂ ਦੀ ਗਿਣਤੀ ਵਿਚ ਲੋਕ ਲੰਘੇ ਸ਼ਨੀਵਾਰ ਨੂੰ ਵੈਨਕੂਵਰ ਵਿਚ ‘ਲਿਫ਼ਟ ਕੈਨਬਿਸ ਐਕਸਪੋ’ ਕੰਪਨੀ ਵਿਚ ਮੈਕਮੋਹਨ ਅਤੇ ਉਨ੍ਹਾਂ ਦੇ ਸਟਾਫ਼ ਨੂੰ ਮਿਲਣ ਆਏ ਇਸ ਸਬੰਧੀ ਤਾਜ਼ਾ ਜਾਣਕਾਰੀ ਪ੍ਰਾਪਤ ਕਰਕੇ ਗਏ।
ਇਸ ਸਮੇਂ ਮੈਰੀਜੁਆਨਾ ਨਾਲ ਸਬੰਧਿਤ ਕੰਪਨੀਆਂ ਤਜ਼ਰਬੇਕਾਰ ਕਰਮਚਾਰੀਆਂ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਦਾ ਇਹ ਤਜਰਬਾ ਕਮਰਸ਼ੀਅਲ ਗਰੀਨ-ਹਾਊਸ ਜਾਂ ਮਾਰਕੀਟਿੰਗ ਖ਼ੇਤਰ ਵਿਚ ਕੰਮ ਕਰਨ ਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਮੈਰੀਜੁਆਨਾ (ਭੰਗ) ਦੀ ਪ੍ਰੌਸੈਸਿੰਗ ਐਂਡ ਪੈਕੇਜਿੰਗ ਲਈ ਵੀ ਤਜਰਬੇਕਾਰ ਵਿਅੱਕਤੀਆਂ ਦੀ ਜ਼ਰੂਰਤ ਵੀ ਤਾਂ ਪਵੇਗੀ। ਇਨ੍ਹਾਂ ਕੰਪਨੀਆਂ ਦੇ ਕਹਿਣ ਅਨੁਸਾਰ ਉਤਪਾਦਨ ਦੇ ਖ਼ੇਤਰ ਵਿਚ ਸਹਾਇਤਾ ਕਰਨ ਵਾਲੇ ਨੂੰ 50,000 ਡਾਲਰ ਸਲਾਨਾ ਅਤੇ ਡਾਇਰੈਕਟਰ ਆਫ਼ ਪ੍ਰੋਡਕਸ਼ਨ ਨੂੰ 1,00,000 ਡਾਲਰ ਸਲਾਨਾ ਤਨਖ਼ਾਹ ਮਿਲ ਸਕਦੀ ਹੈ। ਉਨ੍ਹਾਂ ਅਨੁਸਾਰ ਨੇੜ-ਭਵਿੱਖ ਵਿਚ ਕਈ ਲੋਕ ਆਪਣੀਆਂ ਮੌਜੂਦਾ ਨੌਕਰੀਆਂ ਛੱਡ ਕੇ ਵੀ ਇਸ ਖ਼ੇਤਰ ਵੱਲ ਆਉਣ ਲਈ ਤਿਆਰ ਹੋ ਸਕਦੇ ਹਨ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਤਾਂ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਲਈ ਉਸ ਦੇ ਵੱਲੋਂ ਭਾਰੀ ਪ੍ਰਚਾਰ ਅਤੇ ਖ਼ਰਚਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਕਈ ਨਸ਼ਾ-ਛੁਡਾਊ ਕੇਂਦਰ ਬਣਾਏ ਗਏ ਹਨ। ਦੂਸਰੇ ਪਾਸੇ ਇਸ ਦੇ ਵੱਲੋਂ ਮੈਰੀਜੁਆਨਾ (ਭੰਗ) ਨੂੰ ਕਾਨੂੰਨੀ ਮਾਨਤਾ ਦੇ ਕੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੋਹਾਂ ਵਿੱਚੋਂ ਕਿਹੜੀ ਗੱਲ ਠੀਕ ਹੈ, ਇਸ ਦਾ ਫ਼ੈਸਲਾ ਕੌਣ ਕਰੇਗਾ? ਵੈਸੇ, ਇਸ ਦੇ ਬਾਰੇ ਲੰਡਨ ਦੀ ਵੈੱਸਟਰਨ ਯੂਨੀਵਰਸਿਟੀ ਦੇ ਇਕ ਮਾਹਿਰ ਡਾ. ਰੌਬਰਟ ਸੋਲੇਮਨ ਨੇ ਪਿਛਲੇ ਹਫ਼ਤੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਸਰਕਾਰ ਵੱਲੋਂ ਮੈਰੀਜੁਆਨਾ ਦੇ ਕਾਨੂੰਨੀਕਰਨ ਦੀ ਕਾਹਲ ਦੇ ਸਿੱਟੇ ਭਵਿੱਖ ਵਿਚ ਖ਼ਤਰਨਾਕ ਸਾਬਤ ਹੋ ਸਕਦੇ ਹਨ ਅਤੇ ਉਹ ਇਸ ਦੇ ਨਤੀਜਿਆਂ ਉੱਤੇ ਗ਼ੌਰ ਕਰਨ ਦੇ ਬਿਨਾਂ ਹੀ ਇਸ ਸਬੰਧੀ ਤਿਆਰ ਕੀਤੇ ਹੋਏ ਨਿਯਮਾਂ ਨੂੰ ਲਾਗੂ ਕਰਨ ‘ਤੇ ਤੁੱਲੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਚੀਜ਼ ‘ਤੇ ਖੋਜ ਕਰਨ ਤੋਂ ਬਿਨਾਂ ਹੀ ਉਸ ਦਾ ਕਾਨੂੰਨੀਕਰਨ ਕਰ ਦੇਣਾ ਸਹੀ ਗੱਲ ਨਹੀਂ ਹੈ। ਉਨ੍ਹਾਂ ਅਨੁਸਾਰ ਮੈਰੀਜੁਆਨਾ ਲੋਕਾਂ ਲਈ ਤੰਬਾਕੂ ਜਾਂ ਸ਼ਰਾਬ ਤੋਂ ਵਧੇਰੇ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹੁਣ ਵੇਖੋ, ਡਾ. ਰੌਬਰਟ ਸੋਲੇਮਨ ਦੀ ਵੀ ਕੋਈ ਸੁਣਦਾ ਹੈ ਜਾਂ ਫਿਰ ਉਸ ਦੀ ਆਵਾਜ਼ ਮੈਰੀਜੁਆਨਾ ਇੰਸਸਟਰੀ ਦੀ ਭਵਿੱਖ-ਮਈ ਸੰਭਾਵੀ ਪ੍ਰਫੁੱਲਤਾ ਦੇ ‘ਸ਼ੋਰ-ਓ-ਗੁਲ’ ਵਿਚ ਦੱਬ ਕੇ ਰਹਿ ਜਾਂਦੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …