Breaking News
Home / ਦੁਨੀਆ / ਇਮਰਾਨ ਖਾਨ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਇਮਰਾਨ ਖਾਨ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਰਾਸ਼ਟਰਪਤੀ ਮਮਨੂਨ ਹੁਸੈਨ ਨੇ ਚੁਕਾਈ ਅਹੁਦੇ ਦੀ ਸਹੁੰ, ਨਵਜੋਤ ਸਿੱਧੂ ਵੀ ਹੋਏ ਸ਼ਾਮਲ
ਇਸਲਾਮਾਬਾਦ/ਬਿਊਰੋ ਨਿਊਜ਼
ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ ਹੈ ਜਦੋਂ ਮੁਲਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀਆਂ ਨਾਲ ਤਣਾਅਪੂਰਨ ਰਿਸ਼ਤਿਆਂ ਅਤੇ ਅੱਤਵਾਦ ਖਿਲਾਫ਼ ਲੜਾਈ ਵਿਚ ਨਾਕਾਮ ਰਹਿਣ ਕਾਰਨ ਉਸ ‘ਤੇ ਕੌਮਾਂਤਰੀ ਪਾਬੰਦੀਆਂ ਦੀ ਤਲਵਾਰ ਲਟਕ ਰਹੀ ਹੈ।
ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ‘ਐਵਾਨ-ਏ-ਸਦਰ’ ਵਿਚ ਹੋਏ ਸਾਦੇ ਸਮਾਗਮ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੂੰ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ। ਹਲਫ਼ਦਾਰੀ ਸਮਾਗਮ ਸਵੇਰੇ ਸਾਢੇ 9 ਵਜੇ ਸ਼ੁਰੂ ਹੋਣਾ ਸੀ ਪਰ ਇਹ 40 ਮਿੰਟਾਂ ਦੀ ਦੇਰੀ ਨਾਲ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ ਅਤੇ ਫਿਰ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਗਈਆਂ। ਰਵਾਇਤੀ ਸਲੇਟੀ-ਕਾਲੇ ਰੰਗ ਦੀ ਸ਼ੇਰਵਾਨੀ ਵਿਚ ਫੱਬ ਰਹੇ ਇਮਰਾਨ ਖ਼ਾਨ ਦੀਆਂ ਅੱਖਾਂ ਵਿਚ ਹੰਝੂ ਨਜ਼ਰ ਆ ਰਹੇ ਸਨ। ਉਹ ਥੋੜ੍ਹੇ ਬੇਚੈਨ ਵੀ ਨਜ਼ਰ ਆਏ ਕਿਉਂਕਿ ਹਲਫ਼ ਲੈਣ ਸਮੇਂ ਉਹ ਉਰਦੂ ਦੇ ਸ਼ਬਦ ਬੋਲਣ ਵਿਚ ਥਿੜਕ ਰਹੇ ਸਨ। 1992 ‘ਚ ਕ੍ਰਿਕਟ ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਇਮਰਾਨ ਖ਼ਾਨ ਨੇ ਆਪਣੇ ਹਲਫ਼ਦਾਰੀ ਸਮਾਗਮ ਵਿਚ ਪੁਰਾਣੇ ਸਾਥੀ ਕ੍ਰਿਕਟਰਾਂ ਨੂੰ ਵੀ ਸੱਦਾ ਭੇਜਿਆ ਸੀ। ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਕ੍ਰਿਕਟਰ ਤੋਂ ਕਮੈਂਟੇਟਰ ਬਣੇ ਰਮੀਜ਼ ਰਾਜਾ, ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਵੀ ਹਲਫ਼ਦਾਰੀ ਸਮਾਗਮ ਦੇ ਗਵਾਹ ਬਣੇ। ਸਮਾਗਮ ਵਿਚ ਇਮਰਾਨ ਖ਼ਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵੀ ਹਾਜ਼ਰ ਸਨ। ਹਲਫ਼ ਲੈਣ ਮਗਰੋਂ ਦੋਵੇਂ ਮੀਆਂ-ਬੀਵੀ ਮਹਿਮਾਨਾਂ ਨੂੰ ਵੀ ਮਿਲੇ। ਇਮਰਾਨ ਖ਼ਾਨ ਦੇ ਹਲਫ਼ ਲੈਣ ਨਾਲ ਹੀ ਮੁਲਕ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦਰਮਿਆਨ ਚੱਲ ਰਹੀ ਹਕੂਮਤ ਦੀ ਅਦਲਾ-ਬਦਲੀ ਦਾ ਸਿਲਸਿਲਾ ਖ਼ਤਮ ਹੋ ਗਿਆ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਆਪਣਾ ਨਾਇਕ ਦੱਸਦਿਆਂ ਇਮਰਾਨ ਨੇ ਵਾਅਦਾ ਕੀਤਾ ਕਿ ਉਹ ਭ੍ਰਿਸ਼ਟਾਚਾਰ ਨਾਲ ਜੂਝ ਰਹੇ ਪਾਕਿਸਤਾਨ ਨੂੰ ਕਲਿਆਣਕਾਰੀ ਇਸਲਾਮੀ ਮੁਲਕ ‘ਚ ਬਦਲ ਦੇਣਗੇ। ਔਕਸਫੋਰਡ ਤੋਂ ਪੜ੍ਹਾਈ ਕਰਨ ਵਾਲੇ ਖ਼ਾਨ ਨੇ ਪੀਐਮਐਲ-ਐਨ ਦੇ ਮੁਖੀ ਸ਼ਹਿਬਾਜ਼ ਸ਼ਰੀਫ਼ ਨੂੰ ਨੈਸ਼ਨਲ ਅਸੈਂਬਲੀ ‘ਚ ਹੋਈ ਚੋਣ ‘ਚ ਹਰਾ ਕੇ ਪ੍ਰਧਾਨ ਮੰਤਰੀ ਅਹੁਦੇ ਲਈ ਜਿੱਤ ਹਾਸਲ ਕੀਤੀ ਸੀ। ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ। ਇਮਰਾਨ ਦੇ ਸਹੁੰ ਚੁੱਕਣ ਤੋਂ ਬਾਅਦ ਸਿੱਧੂ ਨੇ ਇਮਰਾਨ ਦਾ ਸਨਮਾਨ ਵੀ ਕੀਤਾ।
ਉਰਦੂ ਵਿਚ ਹਲਫ਼ ਲੈਣ ਵੇਲੇ ਥਿੜਕੇ ਇਮਰਾਨ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਸਮੇਂ ਇਮਰਾਨ ਖ਼ਾਨ ਉਰਦੂ ਦੇ ਕਈ ਸ਼ਬਦਾਂ ਦੇ ਉਚਾਰਣ ਵਿਚ ਥਿੜਕ ਗਏ ਜਦਕਿ ਕਈ ਸ਼ਬਦ ਉਨ੍ਹਾਂ ਗਲਤ ਪੜ੍ਹੇ। ਜਦੋਂ ਸਦਰ ਮਮਨੂਨ ਹੁਸੈਨ ਨੇ ‘ਰੋਜ਼-ਏ-ਕਿਆਮਤ’ (ਫ਼ੈਸਲੇ ਦਾ ਦਿਨ) ਬੋਲਿਆ ਤਾਂ ਇਮਰਾਨ ਖ਼ਾਨ ਨੇ ਇਸ ਨੂੰ ਠੀਕ ਤਰ੍ਹਾਂ ਨਹੀਂ ਸੁਣਿਆ ਅਤੇ ਇਸ ਦਾ ਗ਼ਲਤ ਉਚਾਰਣ ‘ਰੋਜ਼-ਏ-ਕਿਆਦਤ’ (ਅਗਵਾਈ ਦਾ ਦਿਨ) ਕੀਤਾ। ਇਸ ਨਾਲ ਪੂਰੇ ਵਾਕ ਦਾ ਅਰਥ ਹੀ ਬਦਲ ਗਿਆ। ਸਦਰ ਨੇ ਜਦੋਂ ਸ਼ਬਦ ਦੁਹਰਾਇਆ ਤਾਂ ਇਮਰਾਨ ਖ਼ਾਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਮੁਸਕਰਾਉਂਦੇ ਹੋਏ ਮੁਆਫ਼ੀ ਮੰਗੀ ਤੇ ਹਲਫ਼ ਲੈਣਾ ਜਾਰੀ ਰੱਖਿਆ।
ਬੁਜ਼ਦਾਰ ਬਣੇ ਪਾਕਿ ਪੰਜਾਬ ਦੇ ਮੁੱਖ ਮੰਤਰੀ
ਲਾਹੌਰ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਮੀਦਵਾਰ ਸਰਦਾਰ ਉਸਮਾਨ ਬਜ਼ਦਾਰ (49) ਨੂੰ ਪੰਜਾਬ ਸੂਬੇ ਦਾ ਮੁੱਖ ਮੰਤਰੀ ਚੁਣ ਲਿਆ ਗਿਆ ਹੈ। ਬਜ਼ਦਾਰ ਦੀ ਇਸ ਚੋਣ ਨਾਲ ਮੁਲਕ ਦੇ ਸਭ ਤੋਂ ਮਕਬੂਲ ਸੂਬੇ ਵਿੱਚੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਅਗਵਾਈ ਵਾਲੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦਾ ਭੋਗ ਪੈ ਗਿਆ। ਪੰਜਾਬ ਅਸੈਂਬਲੀ ਵਿੱਚ ਹੋਈ ਵੋਟਿੰਗ ਦੌਰਾਨ ਜਨਾਬ ਬੁਜ਼ਦਾਰ ਨੂੰ 186 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਰਵਾਇਤੀ ਵਿਰੋਧੀ ਤੇ ਪੀਐਮਐਲ-ਐਨ ਦੇ ਉਮੀਦਵਾਰ ਹਮਜ਼ਾ ਸ਼ਾਹਬਾਜ਼ 159 ਵੋਟਾਂ ਹੀ ਹਾਸਲ ਕਰ ਸਕੇ। ਅਸੈਂਬਲੀ ਦੇ ਸਪੀਕਰ ਪਰਵੇਜ਼ ਇਲਾਹੀ ਨੇ ਨਤੀਜਿਆਂ ਦਾ ਐਲਾਨ ਕੀਤਾ। ਹਮਜ਼ਾ ਪੀਐਮਐਲ-ਐਨ ਮੁਖੀ ਸ਼ਾਹਬਾਜ਼ ਸ਼ਰੀਫ਼ ਦਾ ਪੁੱਤ ਹੈ, ਜੋ ਸਾਲ 2008 ਤੋਂ ਹੁਣ ਤਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮੁੱਖ ਮੰਤਰੀ ਵਜੋਂ ਮਨੋਨੀਤ ਬੁਜ਼ਦਾਰ ਇਸ ਤੋਂ ਪਹਿਲਾਂ ਸ਼ਰੀਫ਼ ਦੀ ਟੀਮ ਦੇ ਮੈਂਬਰ ਸਨ। ਨਵੇਂ ਚੁਣੇ ਮੁੱਖ ਮੰਤਰੀ ਬੁਜ਼ਦਾਰ ਦਾ ਸਬੰਧ ਪੰਜਾਬ ਦੇ ਸਭ ਤੋਂ ਪੱਛੜੇ ਕਬਾਇਲੀ ਖੇਤਰ ਡੇਰਾ ਗਾਜ਼ੀ ਖ਼ਾਨ ਡਿਵੀਜ਼ਨ ਨਾਲ ਹੈ, ਜੋ ਸੂਬਾਈ ਰਾਜਧਾਨੀ ਲਾਹੌਰ ਤੋਂ ਕਰੀਬ ਚਾਰ ਸੌ ਕਿਲੋਮੀਟਰ ਦੂਰ ਹੈ। ਸੂਬਾਈ ਅਸੈਂਬਲੀ ਵਿਚ ਆਪਣੇ ਪਲੇਠੇ ਸੰਬੋਧਨ ਦੌਰਾਨ ਬੁਜ਼ਦਾਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਸੂਬੇ ਦੇ ਅਣਗੌਲੇ ਖੇਤਰ ਰਹਿਣਗੇ। ਉਂਜ ਉਨ੍ਹਾਂ ਇਸ ਉੱਚ ਅਹੁਦੇ ਲਈ ਨਾਮਜ਼ਦਗੀ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ।

Check Also

ਬਿ੍ਟੇਨ ’ਚ 4 ਜੁਲਾਈ ਨੂੰ ਵੋਟਿੰਗ

ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਭਾਰਤੀ …