ਰਿਟਾਇਰਮੈਂਟ ਤੋਂ ਬਾਅਦ ਵੀ ਸਰਕਾਰੀ ਨੌਕਰੀ ਕਰ ਰਹੇ ਕਰਮਚਾਰੀਆਂ ਦੀ ਹੋਵੇਗੀ ਛੁੱਟੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਅੱਜ ਇਕ ਵੱਡਾ ਫੈਸਲਾ ਲਿਆ। ਪੰਜਾਬ ’ਚ ਰਿਟਾਇਰਮੈਂਟ ਤੋਂ ਬਾਅਦ ਵੀ ਦੁਬਾਰਾ ਸਰਕਾਰੀ ਵਿਭਾਗਾਂ ’ਚ ਨਿਯੁਕਤ ਅਫ਼ਸਰਾਂ ਦੀ ਛੁੱਟੀ ਕਰ ਦਿੱਤੀ ਗਈ ਹੈ। 9 ਨਵੰਬਰ ਮੰਗਲਵਾਰ ਨੂੰ ਇਸ ਸਬੰਧ ’ਚ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਸਾਰੇ ਵਿਭਾਗਾਂ ਨੂੰ ਇਸ ਸਬੰਧ ’ਚ ਕਾਰਵਾਈ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਚੰਨੀ ਸਰਕਾਰ ਦੇ ਇਸ ਫੈਸਲੇ ਨਾਲ ਨੌਜਵਾਨਾਂ ਦੇ ਲਈ ਸਰਕਾਰੀ ਨੌਕਰੀ ਦਾ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ ਹੁਣ ਤੱਕ ਸਰਕਾਰ ਰਿਟਾਇਰ ਅਫ਼ਸਰਾਂ ਨੂੰ ਹੀ ਦੁਬਾਰਾ ਨਿਯੁਕਤ ਕਰਕੇ ਕੰਮ ਚਲਾ ਰਹੀ ਸੀ। ਸਰਕਾਰ ਦੇ ਹੁਕਮ ਅਨੁਸਾਰ ਰਿਟਾਇਰਮੈਂਟ ਤੋਂ ਬਾਅਦ ਜੋ ਵੀ ਕਰਮਚਾਰੀ ਅਤੇ ਅਫ਼ਸਰ ਭਰਤੀ ਕੀਤੇ ਗਏ ਹਨ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇਗਾ। ਅਜਿਹੇ ਅਫ਼ਸਰਾਂ ਨੂੰ ਚਾਹੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਜਾਂ ਫਿਰ ਵਿਭਾਗ ਨੇ ਆਪਣੇ ਪੱਧਰ ’ਤੇ ਰੱਖਿਆ ਹੋਵੇ। ਉਹ ਚਾਹੇ ਕੰਟਰੈਕਟ ’ਤੇ ਰੱਖੇ ਗਏ ਹੋਣ ਜਾਂ ਫਿਰ ਕਿਸੇ ਦੂਜੇ ਆਧਾਰ ’ਤੇ। ਸਿਰਫ਼ ਕਾਨੂੰਨੀ ਵਿਭਾਗ ਨਾਲ ਜੁੜੇ ਅਫ਼ਸਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਤਾਂ ਕਿ ਕੇਸ ਪ੍ਰਭਾਵਿਤ ਨਾ ਹੋਣ।

