ਕਿਹਾ : ਰਿਸ਼ਤੇਦਾਰਾਂ ਨੂੰ ਆਪਣੇ ਸਰਕਾਰੀ ਕੰਮ ਕਾਜ ਤੋਂ ਰੱਖੋ ਦੂਰ
ਕੁਝ ਮੰਤਰੀਆਂ ਦੀਆਂ ਪਤਨੀਆਂ, ਬੇਟੇ ਅਤੇ ਭਾਣਜੇ-ਭਤੀਜੇ ਸਰਕਾਰੀ ਕੰਮਾਂ ’ਚ ਕਰ ਰਹੇ ਹਨ ਦਖਲਅੰਦਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕੀ ਮੰਤਰੀਆਂ ਨੂੰ ਵੀ ਚਿਤਾਵਨੀ ਦੇ ਦਿੱਤੀ ਹੈ। ਭਗਵੰਤ ਮਾਨ ਨੇ ਮੰਤਰੀਆਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਰਿਸ਼ਤੇਦਾਰਾਂ ਨੂੰ ਆਪਣੇ ਕੰਮਕਾਜ ਤੋਂ ਦੂਰ ਰੱਖਣ। ਮਾਨ ਨੇ ਵਿਭਾਗਾਂ ਤੋਂ ਫੀਕਬੈਕ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਪਤਾ ਲੱਗਾ ਹੈ ਕਿ ਕੁਝ ਮੰਤਰੀਆਂ ਦੀਆਂ ਪਤਨੀਆਂ, ਬੇਟੇ ਅਤੇ ਭਾਣਜੇ-ਭਤੀਜੇ ਸਰਕਾਰੀ ਕੰਮ ਵਿਚ ਦਖਲ ਅੰਦਾਜ਼ੀ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਮਾਨ ਨੇ ਦੋ ਮੰਤਰੀਆਂ ਨੂੰ ਬੁਲਾ ਕੇ ਖਾਸ ਤੌਰ ’ਤੇ ਹਦਾਇਤ ਵੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ ’ਤੇ ਮੰਤਰੀਆਂ ਦੇ ਵਿਭਾਗਾਂ ਨਾਲ ਸਬੰਧਤ ਅਫਸਰਾਂ ਕੋਲੋਂ ਫੀਡ ਬੈਕ ਲਿਆ ਹੈ। ਜਿਸ ਵਿਚ ਪਤਾ ਲੱਗਾ ਹੈ ਕਿ ਇਕ ਮੰਤਰੀ ਦੀ ਪਤਨੀ ਸਰਕਾਰੀ ਕੰਮਕਾਜ ਵਿਚ ਬਹੁਤ ਜ਼ਿਆਦਾ ਦਖਲ ਦੇ ਰਹੀ ਹੈ। ਇਸੇ ਤਰ੍ਹਾਂ ਇਕ ਮੰਤਰੀ ਦਾ ਭਾਣਜਾ ਵੀ ਸਰਕਾਰੀ ਮੀਟਿੰਗ ਵਿਚ ਸ਼ਾਮਲ ਹੋ ਕੇ ਆਪਣੀ ਸਲਾਹ ਦੇ ਰਿਹਾ ਹੈ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਮੰਤਰੀਆਂ ਦਾ ਵੀ ਸਟਿੰਗ ਅਪਰੇਸ਼ਨ ਹੋ ਸਕਦਾ ਹੈ, ਜਿਸ ਵਿਚ ਸਿੱਧੇ ਤੌਰ ’ਤੇ ਕੁਰਸੀ ਜਾਏਗੀ, ਜਿਸ ਤਰ੍ਹਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੁਰਸੀ ਗੁਆਉਣੀ ਪਈ ਹੈ।