Breaking News
Home / ਪੰਜਾਬ / ਸੰਤ ਸਮਾਜ ਨੇ ਰਾਜਸੀ ਪਾਰਟੀਆਂ ਅੱਗੇ ਰੱਖਿਆ ਵਾਤਾਵਰਨ ਦਾ ਏਜੰਡਾ

ਸੰਤ ਸਮਾਜ ਨੇ ਰਾਜਸੀ ਪਾਰਟੀਆਂ ਅੱਗੇ ਰੱਖਿਆ ਵਾਤਾਵਰਨ ਦਾ ਏਜੰਡਾ

ਕਿਹਾ : ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦਾ ਵਾਅਦਾ ਕਰਨ ਵਾਲਿਆਂ ਨੂੰ ਪਾਇਓ ਵੋਟਾਂ
ਜਲੰਧਰ/ਬਿਊਰੋ ਨਿਊਜ਼ : ਸੰਤ ਸਮਾਜ ਨੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਅੱਗੇ ਵਾਤਾਵਰਨ ਪੱਖੀ ਲੋਕ ਏਜੰਡਾ ਰੱਖਦਿਆਂ ਕਿਹਾ ਕਿ ਉਹ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਇਸ ਨੂੰ ਸ਼ਾਮਲ ਕਰਨ।
ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਤ ਸਮਾਜ ਨੇ ਪੰਜਾਬ ਦੇ ਵੋਟਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਵੋਟਾਂ ਮੰਗਣ ਲਈ ਆਉਣ ਵਾਲੇ ਉਮੀਦਵਾਰਾਂ ਕੋਲੋਂ ਸਾਫ ਪਾਣੀ ਤੇ ਸਾਫ ਹਵਾ ਵਰਗੇ ਜੀਵਨ ਨਾਲ ਜੁੜੇ ਮੁੱਦਿਆਂ ਬਾਰੇ ਜ਼ਰੂਰ ਸਵਾਲ ਕਰਨ।
ਸੰਤ ਸਮਾਜ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦਾ ਵਾਅਦਾ ਕਰਨਗੇ। ਸੰਤ ਸਮਾਜ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਲੈ ਹੁਣ ਤੱਕ ਹੋਣ ਵਾਲੀਆਂ ਸਾਰੀਆਂ ਚੋਣਾਂ ਦੌਰਾਨ ਵਾਤਾਵਰਨ ਦਾ ਮੁੱਦਾ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਨ ਦੀ ਮੰਗ ਕਰਦੇ ਆ ਰਹੇ ਹਨ। ਸੰਤ ਸਮਾਜ ਵੱਲੋਂ ਪੇਸ਼ ਕੀਤੇ ਗਏ ਵਾਤਾਵਰਨ ਦੇ ਏਜੰਡੇ ਵਿੱਚ 12 ਨੁਕਤਿਆਂ ‘ਤੇ ਗੱਲ ਕੀਤੀ ਗਈ ਹੈ ਤੇ ਇਨ੍ਹਾਂ ਵਿੱਚ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਵੀ ਸ਼ਾਮਲ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਜੰਗਲਾਂ ਦਾ ਰਕਬਾ ਸਿਰਫ 6 ਫ਼ੀਸਦ ਰਹਿ ਗਿਆ ਹੈ ਜਿਸ ਨੂੰ ਵਧਾਉਣ ਦੀ ਲੋੜ ਹੈ।
ਇਸ ਮੌਕੇ ਸੰਤ ਤੇਜਾ ਸਿੰਘ ਐੱਮਏ, ਸੰਤ ਸੁਖਜੀਤ ਸਿੰਘ ਨਾਹਲਾਂ, ਸੰਤ ਗੁਰਬਚਨ ਸਿੰਘ ਪੰਡਵਾਂ, ਸੰਤ ਗੁਰਮੇਜ਼ ਸਿੰਘ, ਸੰਤ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ, ਸੰਤ ਸੁਖਜੀਤ ਸਿੰਘ ਸੀਚੇਵਾਲ ਆਦਿ ਹਾਜ਼ਰ ਸਨ।

 

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …