ਵਧਦੀ ਗਰਮੀ ਨੂੰ ਦੇਖਦਿਆਂ ਸਰਕਾਰ ਨੇ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਕੂਲਾਂ ਵਿਚ ਭਲਕੇ 21 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵਧਦੀ ਗਰਮੀ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਲਕੇ 21 ਮਈ ਤੋਂ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਸਰਕਾਰ ਨੇ ਅੱਜ 20 ਮਈ ਤੋਂ ਸਕੂਲਾਂ ਦਾ ਸਮਾਂ ਵੀ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਸੀ। ਪਰ ਵਧਦੀ ਗਰਮੀ ਨੂੰ ਦੇਖਦਿਆਂ ਸਰਕਾਰ ਨੇ ਅੱਜ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਹੀ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫਤੇ ਤੋਂ ਚੱਲ ਰਹੀ ਲੂ ਨੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕੀਤਾ ਹੈ। ਇਸ ਵਧ ਰਹੀ ਗਰਮੀ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿਚ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵੀ ਵਧਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਅਜਿਹੇ ਸਖਤ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।