ਸਾਲ 2024 ਦੌਰਾਨ ਇਕ ਹਜ਼ਾਰ ਮੁੰਡਿਆਂ ਪਿੱਛੇ 864 ਕੁੜੀਆਂ ਦਾ ਹੋਇਆ ਜਨਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਲਿੰਗ ਅਨੁਪਾਤ ਸਬੰਧੀ ਆਏ ਅੰਕੜਿਆਂ ਮੁਤਾਬਕ ਪਠਾਨਕੋਟ ਅਤੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ’ਚ ਕੁੜੀਆਂ ਦੀ ਜਨਮ ਦਰ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ ’ਚ ਪਿਛਲੇ ਸਾਲ ਇਕ ਹਜ਼ਾਰ ਮੁੰਡਿਆਂ ਪਿੱਛੇ 902 ਕੁੜੀਆਂ ਸਨ ਪਰ 2024 ’ਚ ਇਹ ਅੰਕੜਾ ਘਟ ਕੇ 864 ਰਹਿ ਗਿਆ। ਗੁਰਦਾਸਪੁਰ ’ਚ ਕੁੜੀਆਂ ਦੀ ਗਿਣਤੀ 888 ਹੈ ਜੋ 2023 ਨਾਲੋਂ ਸਿਰਫ਼ ਤਿੰਨ ਵਧ ਹੈ। ਉਂਝ ਪੂਰੇ ਪੰਜਾਬ ’ਚ ਲਿੰਗ ਅਨੁਪਾਤ 918 ਦਰਜ ਹੋਇਆ ਹੈ ਜੋ ਪਿਛਲੇ ਸਾਲ ਨਾਲੋਂ ਸਿਰਫ਼ ਦੋ ਵਧ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚੋਂ ਕਪੂਰਥਲਾ ਜ਼ਿਲ੍ਹੇ ਨੇ ਮੁੜ ਬਾਜ਼ੀ ਮਾਰੀ ਹੈ ਜਿਥੇ ਕੁੜੀਆਂ ਦੀ ਗਿਣਤੀ 987 ਹੈ। ਵੈਸੇ 2023 ’ਚ ਕਪੂਰਥਲਾ ’ਚ ਕੁੜੀਆਂ ਦੀ ਗਿਣਤੀ 992 ਸੀ। ਵੱਡੀ ਗਿਣਤੀ ਮੁਸਲਿਮ ਆਬਾਦੀ ਵਾਲਾ ਮਾਲੇਰਕੋਟਲਾ ਦੂਜੇ ਨੰਬਰ ’ਤੇ ਰਿਹਾ ਅਤੇ ਉਥੇ ਲਿੰਗ ਅਨੁਪਾਤ 961 ਦਰਜ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿਚ ਇਹ ਸਾਹਮਣੇ ਨਹੀਂ ਆਇਆ, ਜਿੱਥੇ ਕੁੜੀਆਂ ਦੀ ਜਨਮ ਦਰ ਮੁੰਡਿਆਂ ਨਾਲੋਂ ਵੱਧ ਹੋਵੇ।