ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਦਿੱਤੀ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵਿੱਚ ਲੱਗੇ ਸੋਨੇ ਦੀ ਧੁਆਈ ਤੇ ਸਫਾਈ ਦੀ ਸੇਵਾ ਗੁਰਮਤਿ ਰਵਾਇਤਾਂ ਮੁਤਾਬਕ ਅਰਦਾਸ ਕਰਨ ਮਗਰੋਂ ਆਰੰਭੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਇਮਾਰਤ ਅੰਦਰ ਲੱਗੇ ਸੋਨੇ ਦੇ ਪੱਤਰਿਆਂ ਦੀ ਮੁਰੰਮਤ, ਸਫਾਈ ਤੇ ਸੰਭਾਲ ਦੀ ਸੇਵਾ ਵੀ ਇਹੀ ਜਥੇਬੰਦੀ ਕਰ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦਾਂ ‘ਤੇ ਲੱਗੇ ਸੋਨੇ ਦੀ ਧੁਆਈ ਦਾ ਕਾਰਜ ਸ਼ੁਰੂ ਕਰਨ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਸ਼ਕਾਮ ਸੇਵਕ ਜਥੇ ਵੱਲੋਂ ਭਾਈ ਇੰਦਰਜੀਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਗੁਰੂ ਘਰ ਵਿੱਚ ਲੱਗੇ ਸੋਨੇ ਦੀ ਸਫਾਈ ਅਤੇ ਸੰਭਾਲ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ ਤੇ ਸਮੇਂ-ਸਮੇਂ ‘ਤੇ ਧੁਆਈ ਕਾਰਜ ਕਰਵਾਏ ਜਾਂਦੇ ਹਨ। ਇਸ ਵਾਰ ਕਰੋਨਾ ਕਾਰਨ ਇਹ ਸੇਵਾ ਦੋ ਸਾਲਾਂ ਬਾਅਦ ਕਰਵਾਈ ਜਾ ਰਹੀ ਹੈ। ਨਿਸ਼ਕਾਮ ਸੇਵਕ ਜਥੇ ਦੇ ਆਗੂ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਥੇ ਵੱਲੋਂ 1995 ਤੋਂ 1999 ਤੱਕ ਇਥੇ ਸੋਨੇ ਦੇ ਪੱਤਰਿਆਂ ਦੀ ਸੇਵਾ ਪਹਿਲੀ ਵਾਰ ਕਰਵਾਈ ਗਈ ਸੀ ਤੇ ਉਸ ਮਗਰੋਂ ਧੁਆਈ ਦਾ ਕਾਰਜ ਹਰ ਵਾਰ ਕੀਤਾ ਜਾਂਦਾ ਹੈ। ਇਹ ਸੇਵਾ 10-12 ਦਿਨ ਜਾਰੀ ਰਹੇਗੀ।