ਭਾਜਪਾ ਤੇ ਕਾਂਗਰਸ ਦੇ ਕੁਝ ਆਗੂ ‘ਆਪ’ ਵਿਚ ਸ਼ਾਮਲ
ਜਲੰਧਰ/ਬਿਊਰੋ ਨਿਊਜ਼
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਤੇ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਸਿਆਸੀ ਝਟਕਾ ਲੱਗਾ ਹੈ। ਇਸ ਦੇ ਚੱਲਦਿਆਂ ਕਾਂਗਰਸ ਦੇ ਸਾਬਕਾ ਕੌਂਸਲਰ ਤਰਸੇਮ ਲਖੋਤਰਾ ਅਤੇ ਸਾਬਕਾ ਕੌਂਸਲਰ ਦਾ ਪੁੱਤਰ ਤੇ ਭਾਜਪਾ ਆਗੂ ਅਨਮੋਲ ਗਰੋਵਰ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ ਸੀ ਅਤੇ ਮੁੱਖ ਮੰਤਰੀ ਮਾਨ ਨੇ ਸੁਰਜੀਤ ਕੌਰ ਨੂੰ ‘ਆਪ’ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿਵਾਇਆ ਸੀ। ਸੁਰਜੀਤ ਕੌਰ ਨੇ ‘ਆਪ’ ਵਿਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਮੁੜ ਅਕਾਲੀ ਦਲ ਵਿਚ ਵਾਪਸੀ ਕਰ ਲਈ ਸੀ ਅਤੇ ਤੱਕੜੀ ਚੋਣ ਨਿਸ਼ਾਨ ’ਤੇ ਹੀ ਚੋਣ ਲੜਨ ਦਾ ਐਲਾਨ ਕੀਤਾ ਸੀ। ਇਹੋ ਜਿਹੀਆਂ ਦਲਬਦਲੀਆਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਸਿਆਸੀ ਹਲਕਿਆਂ ਵਿਚ ਚਰਚਾਵਾਂ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ।