ਪਹਿਲਾਂ ਹਰਸਿਮਰਤ ਅਤੇ ਫਿਰ ਚੰਨੀ ਪਹੁੰਚੇ ਡੇਰਾ ਬੱਲਾਂ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ ਜਿਉਂ-ਜਿਉਂ ਨੇੜੇ ਆ ਰਹੇ ਹਨ ਤਿਉਂ ਤਿਉਂ ਸਿਆਸੀ ਪਾਰਟੀਆਂ ਦੇ ਆਗੂ ਵੀ ਡੇਰਿਆਂ ਵਿਚੋਂ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਇਸ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸਵੇਰੇ ਜਲੰਧਰ ਵਿਚ ਪੈਂਦੇ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ ਅਤੇ ਸੰਤ ਨਿਰੰਜਨ ਦਾਸ ਕੋਲੋਂ ਅਸ਼ੀਰਵਾਦ ਵੀ ਲਿਆ। ਇਸ ਤੋਂ ਬਾਅਦ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ। ਚੰਨੀ ਨੇ ਪਹਿਲਾਂ ਸੰਤ ਸਰਵਣ ਦਾਸ ਦੀ ਮੂਰਤੀ ਅੱਗੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਫਿਰ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਪਾਸੋਂ ਅਸ਼ੀਰਵਾਦ ਵੀ ਲਿਆ। ਇਸ ਮੌਕੇ ਚੰਨੀ ਨੇ ਡੇਰੇ ਨੂੰ 50 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਮੌਕੇ ’ਤੇ ਹੀ 25 ਕਰੋੜ ਰੁਪਏ ਦਾ ਚੈਕ ਡੇਰੇ ਨੂੰ ਭੇਟ ਕੀਤਾ। ਇਸ ਮੌਕੇ ਡੇਰੇ ਦੇ ਟਰੱਸਟ ਅਤੇ ਸੇਵਾਦਾਰਾਂ ਵਲੋਂ ਸਾਂਝੇ ਤੌਰ ’ਤੇ ਮੁੱਖ ਮੰਤਰੀ ਚੰਨੀ, ਪਰਗਟ ਸਿੰਘ ਅਤੇ ਉਨ੍ਹਾਂ ਨਾਲ ਪਹੁੰਚੇ ਹੋਰ ਆਗੂਆਂ ਦਾ ਸਵਾਗਤ ਕੀਤਾ ਗਿਆ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …