ਮਾਨਸਾ ਜੇਲ੍ਹ ਦੇ ਦੋ ਸੁਪਰਡੈਂਟਾਂ ਸਮੇਤ 6 ਜੇਲ੍ਹ ਵਾਰਡਨ ਸਸਪੈਂਡ
ਮਾਨਸਾ ਜੇਲ੍ਹ ਦੇ ਦੋ ਸੁਪਰਡੈਂਟਾਂ ਸਮੇਤ 6 ਜੇਲ੍ਹ ਵਾਰਡਨ ਸਸਪੈਂਡ
ਪੈਸੇ ਲੈ ਕੇ ਕੈਦੀਆਂ ਨੂੰ ਨਸ਼ਾ ਅਤੇ ਮੋਬਾਇਲ ਫੋਨ ਕਰਵਾਉਂਦੇ ਸੀ ਮੁਹੱਈਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ੍ਹ ਦੇ 2 ਸੁਪਰਡੈਂਟਾਂ ਸਮੇਤ 6 ਜੇਲ੍ਹ ਵਾਰਡਨਾਂ ਨੂੰ ਸਸਪੈਂਡ ਕਰ ਦਿੱਤਾ। ਸਸਪੈਂਡ ਹੋਣ ਵਾਲਿਆਂ ’ਚ ਸਹਾਇਕ ਸੁਪਰਡੈਂਟ ਜੇਲ੍ਹ ਮਾਨਸਾ ਵਿਭਮ ਤੇਜ ਸਿੰਗਲਾ, ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਸਮੇਤ ਵਾਰਡਨ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਹਨ। ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਇਕ ਕੈਦੀ ਨੇ ਜੇਲ੍ਹ ’ਚ ਨਸ਼ੇ ਅਤੇ ਮੋਬਾਇਲ ਦੀ ਵਰਤੋਂ ਸਬੰਧੀ ਮੀਡੀਆ ’ਚ ਖੁਲਾਸਾ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਜੇਲ੍ਹ ’ਚ ਬੰਦ ਰਸੂਖਦਾਰ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਕੈਦੀ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ੇ ਸਮੇਤ ਹਰ ਤਰ੍ਹਾਂ ਦੀ ਸਹੂਲਤ ਲੈਂਦੇ ਹਨ। ਜੇਲ੍ਹ ’ਚੋਂ ਰਿਹਾਅ ਹੋਏ ਕੈਦੀ ਨੇ ਜੇਲ੍ਹ ਅੰਦਰ ਮੋਬਾਇਲ ਫੋਨ ਦੀ ਖੁੱਲ੍ਹੇਆਮ ਵਰਤੋਂ ਹੋਣ ਦੀ ਅਹਿਮ ਜਾਣਕਾਰੀ ਵੀ ਮੀਡੀਆ ਸਾਹਮਣੇ ਦਿੱਤੀ ਸੀ। ਇਨ੍ਹਾਂ ਆਰੋਪਾਂ ਦੀ ਜਾਂਚ ਡੀਜੀਆਈ ਜੇਲ੍ਹ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ ਇਸ ਮਾਮਲੇ ’ਚ ਆਰੋਪੀ ਜੇਲ੍ਹ ਦੇ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ।