ਵਾਅਦਾ ਕੀਤਾ ਸੀ ਤਾਂ ਕੈਪਟਨ ਅਮਰਿੰਦਰ ਨੇ ਨੌਕਰੀਆਂ ਅਤੇ ਸਮਾਰਟ ਫੋਨ ਕਿਉਂ ਨਹੀਂ ਦਿੱਤੇ
ਅਕਾਲੀ-ਭਾਜਪਾ ਦੀ ਤਰ੍ਹਾਂ ਸੈਂਡ ਅਤੇ ਲੈਂਡ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਾਂਗਰਸ ਸਰਕਾਰ : ਕੇਜਰੀਵਾਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਅਤੇ ਕਿਸਾਨਾਂ ਕੋਲੋਂ ਮੰਗਣ ਮੁਆਫੀ
ਕਿਹਾ-ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਕੈਪਟਨ
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਪਹੁੰਚੇ ਸਨ ਗੁਰੂ ਕੀ ਨਗਰੀ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਵੀ ਅਕਾਲੀ-ਭਾਜਪਾ ਨੇਤਾਵਾਂ ਵਾਂਗ ਸੈਂਡ ਅਤੇ ਲੈਂਡ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਮੰਤਰੀਆਂ ਦੇ ਰਸੋਈਏ ਤੱਕ ਰੇਤ ਦੀਆਂ ਖੱਡਾਂ ਦੀਆਂ ਬੋਲੀਆਂ ਲਗਾ ਰਹੇ ਹਨ। ਕੋਈ ਵੀ ਮੌਕਾ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਕੇਜਰੀਵਾਲ ਸੋਮਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਰਿਜੌਰਟ ਵਿਚ ਵਲੰਟੀਅਰਾਂ ਦੀ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਜਨਤਾ ਨਾਲ ਧੋਖਾ ਕਰਕੇ ਸੱਤਾ ਵਿਚ ਆਈ ਹੈ। ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਕਿ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਉਹਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਇੰਨਾ ਹੀ ਨਹੀਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਹੁਣ ਆਪਣੇ ਵਾਅਦੇ ਤੋਂ ਮੁਕੱਰਦੇ ਹੋਏ ਕਹਿ ਰਹੇ ਹਨ ਕਿ ਕਰਜ਼ਾ ਮੁਆਫ ਨਹੀਂ ਹੋਵੇਗਾ, ਅੱਧਾ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਨੌਜਵਾਨਾਂ ਅਤੇ ਕਿਸਾਨਾਂ ਨੂੰ ਧੋਖਾ ਦਿੱਤਾ ਗਿਆ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਅਤੇ ਕਿਸਾਨਾਂ ਤੋਂ ਮੁਆਫੀ ਮੰਗਣ, ਨਹੀਂ ਤਾਂ ਵਾਅਦਿਆਂ ਨੂੰ ਪੂਰਾ ਕਰਨ। ਉਹਨਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਸਕਦੇ ਹਨ, ਪਰ ਕਾਂਗਰਸ ਕਰਨਾ ਨਹੀਂ ਚਾਹੁੰਦੀ।
ਕੇਜਰੀਵਾਲ ‘ਤੇ ਨਜ਼ਰ ਰੱਖਣ ਲਈ ਅੰਮਿਤਸਰ ਪਹੁੰਚੇ ਸੁਖਬੀਰ ਬਾਦਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਦੌਰੇ ਦੇ ਦੌਰਾਨ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਗੁਰੂ ਨਗਰੀ ਪਹੁੰਚੇ। ਇਸ ਦੌਰਾਨ ਉਹਨਾਂ ਨੇ ਐਸਜੀਪੀਸੀ ਅਧਿਕਾਰੀਆਂ ਨਾਲ ਲੰਬੀ ਬੈਠਕ ਕੀਤੀ। ਬੈਠਕ ਵਿਚ ਕਮੇਟੀ ਅਧੀਨ ਆਉਂਦੇ ਗੁਰੂਧਾਮਾਂ ਦੀ ਜ਼ਮੀਨਾਂ ‘ਤੇ ਹੋਏ ਨਜਾਇਜ਼ ਕਬਜ਼ਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੁਖਬੀਰ, ਕੇਜਰੀਵਾਲ ਦੀ ਪਲ-ਪਲ ਦੀ ਰਿਪੋਰਟ ਲੈਂਦੇ ਰਹੇ। ਜ਼ਿਕਰਯੋਗ ਹੈ ਕਿ ਕੇਜਰੀਵਾਲ ਇੱਥੇ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਪਾਰਟੀ ਦਾ ਨਵਾਂ ਢਾਂਚਾ ਤਿਆਰ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਸੁਖਬੀਰ ਬਾਦਲ ਆਪਣੀ ਪਾਰਟੀ ਦੇ ਕਾਰਕੁੰਨਾਂ ਦੇ ਜ਼ਰੀਏ ਸਾਰੀ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ।
ਜਨਤਾ ਦੇ ਮੁੱਦਿਆਂ ਨੂੰ ਉਠਾ ਕੇ ਉਨ੍ਹਾਂ ਦੀ ਲੜਾਈ ਲੜੇਗੀ ਪਾਰਟੀ
ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਵੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਅਤੇ ਇਹ ਵਾਅਦਾ ਸਾਰਾ ਹਿਸਾਬ-ਕਿਤਾਬ ਲਗਾ ਕੇ ਹੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਸੰਗਠਨ ਦਾ ਨਿਰਮਾਣ ਕਰੇਗੀ ਅਤੇ ਜਨਤਾ ਦੇ ਮੁੱਦਿਆਂ ਨੂੰ ਉਠਾ ਕੇ ਉਹਨਾਂ ਦੀ ਲੜਾਈ ਲੜੇਗੀ।
ਵਿਧਾਇਕ ਰਾਜ ਕੁਮਾਰ ਵੇਰਕਾ ਦਾ ਕਰਾਰਾ ਜਵਾਬ
ਅੰਮਿਤਸਰ : ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਸਰਕਾਰ ‘ਤੇ ਲਗਾਏ ਗਏ ਦੋਸ਼ਾਂ ਦਾ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਰਾਰ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਦੀ ਜਨਤਾ ਨੂੰ ਜਵਾਬ ਦੇਣ। ਦਿੱਲੀ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ। ਉਹਨਾਂ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਫ੍ਰੀ ਵਾਈਫਾਈ ਦੀ ਸਹੂਲਤ ਦਿਆਂਗੇ। ਅੱਠ ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਕਿੱਥੇ ਹਨ ਨੌਕਰੀਆਂ ਅਤੇ ਕਿੱਥੇ ਹੈ ਫ੍ਰੀ ਵਾਈਫਾਈ ਦੀ ਸਹੂਲਤ। ਉਹਨਾਂ ਕਿਹਾ ਕਿ ਝੂਠੇ ਵਾਅਦੇ ਕਰਨ ਵਾਲੇ ਕੇਜਰੀਵਾਲ ਦਿੱਲੀ ਦੀ ਜਨਤਾ ਕੋਲੋਂ ਮੁਆਫੀ ਮੰਗਣ। ਉਹਨਾਂ ਕਿਹਾ ਕਿ ਉਹਨਾਂ ਦੇ 7 ਮੰਤਰੀਆਂ ਵਿਚੋਂ 6 ਮੰਤਰੀ ਤਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸ਼ਾਮਲ ਹਨ। ਉਹਨਾਂ ਦੇ ਹੀ ਵਿਧਾਇਕ ਉਹਨਾਂ ‘ਤੇ ਦੋਸ਼ ਲਗਾ ਰਹੇ ਹਨ ਕਿ ਮੰਤਰੀ ਬਣਾਉਣ ਲਈ ਉਹਨਾਂ ਕੋਲੋਂ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ‘ਆਪ’ ਦੇ ਵਿਧਾਇਕ ਕਪਿਲ ਮਿਸ਼ਰਾ ਨੇ ਵੀ ਕਈ ਗੰਭੀਰ ਦੋਸ਼ ਲਗਾਏ ਤਾਂ ਇਸ ਸਭ ਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ। ਮੀਡੀਆ ਜੇਕਰ ਜਵਾਬ ਮੰਗਦਾ ਹੈ ਤਾਂ ਉਹਨਾਂ ਨਾਲ ਧੱਕਾ ਮੁੱਕੀ, ਗਾਲੀ ਗਲੋਚ ਅਤੇ ਮਾਰਕੁੱਟ ਕੀਤੀ ਜਾਂਦੀ ਹੈ। ਦਰਬਾਰ ਸਾਹਿਬ ਵਿਚ ਸੰਗਤਾਂ ਅਤੇ ਮੀਡੀਆ ਨਾਲ ਕੀਤੀ ਗਈ ਬਦਸਲੂਕੀ ਨਿੰਦਾਯੋਗ ਹੈ, ਜਿਸ ‘ਤੇ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਡਾ. ਵੇਰਕਾ ਨੇ ਕੇਜਰੀਵਾਲ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿਚ ਜਦ ਵੀ ਚੋਣਾਂ ਹੁੰਦੀਆਂ ਹਨ ਤਾਂ ਇਥੋਂ ਪੈਸੇ ਇਕੱਠੇ ਕਰਨ ਆਉਂਦੇ ਹਨ ਅਤੇ ਹੁਣ ਵੀ ਅਜਿਹਾ ਹੀ ਹੋਵੇਗਾ।
ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ, ਵਿਰੋਧ ਵਿਚ ਲਗਾਏ ਗੋ ਬੈਕ ਦੇ ਨਾਅਰੇ
ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਕਾਂਗਰਸੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਅਟਾਰੀ ਰੋਡ ‘ਤੇ ਸਥਿਤ ਰਿਜੌਰਟ ਦੇ ਬਾਹਰ ਕਾਂਗਰਸੀਆਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਕੇਜਰੀਵਾਲ ਵਾਪਸ ਜਾਓ ਦੇ ਨਾਅਰੇ ਲਗਾਏ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਰਿਜੌਰਟ ਵਿਚ ਜਾਣ ਦੀ ਵੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਹਨਾਂ ਨੂੰ ਪਿੱਛੇ ਧੱਕ ਦਿੱਤਾ। ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। ਕਾਂਗਰਸੀਆਂ ਨੇ ਪੁਲਿਸ ‘ਤੇ ਮਾਰਕੁੱਟ ਕਰਨ ਦੇ ਦੋਸ਼ ਵੀ ਲਗਾਈ। ਕਾਂਗਰਸੀ ਨੇਤਾ ਰਾਜ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਨੂੰ ਲੁੱਟਣ ਤੋਂ ਬਾਅਦ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਦੇ ਬਾਵਜੂਦ ਉਹ ਹੁਣ ਫਿਰ ਪੰਜਾਬ ਵੱਲ ਰੁਖ ਕਰ ਰਹੇ ਹਨ।