ਸਾਨੂੰ ਸੱਭਿਆਚਾਰਕ ਮਸ਼ਾਲ ਲੈ ਕੇ ਤੁਰਨ ਦੀ ਲੋੜ : ਚਰਨਜੀਤ ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੱਭਿਆਚਾਰਕ ਮਾਮਲੇ ਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੱਭਿਆਚਾਰਕ ਨੀਤੀ ਦਾ ਖਾਕਾ ਨੌਜਵਾਨਾਂ ਵਿਚਲੀਆਂ ਉਸਾਰੂ ਤੇ ਵਿਗਿਆਨਕ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇੰਟਰਨੈੱਟ ਦੇ ਯੁੱਗ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਤੇ ਮਾਂ ਬੋਲੀ ਨਾਲ ਜੋੜਿਆ ਜਾ ਸਕੇ। ਇੱਥੇ ਸਾਹਿਤ, ਸੱਭਿਆਚਾਰ, ਸੰਗੀਤ, ਫਿਲਮਾਂ ਅਤੇ ਅਕਾਦਮਿਕ ਮਾਮਲਿਆਂ ਦੇ ਮਾਹਿਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਨੀਤੀ ਦਾ ਖਾਕਾ ਉਲੀਕਣ ਲਈ ਉਹ ਬੁੱਧੀਜੀਵੀਆਂ ਦੀ ਕੋਰ ਕਮੇਟੀ ਬਣਾਉਣਗੇ, ਜੋ ਸਾਰੇ ਸੁਝਾਵਾਂ ਨੂੰ ਇਕੱਠਾ ਕਰਕੇ ਅੰਤਿਮ ਖਾਕਾ ਤਿਆਰ ਕਰੇਗੀ ਅਤੇ ਇਹ ਕਮੇਟੀ ਨੀਤੀ ਲਾਗੂ ਕਰਨ ਤੋਂ ਇਲਾਵਾ ਸਮੇਂ-ਸਮੇਂ ‘ਤੇ ਵਿਭਾਗ ਦੀ ਅਗਵਾਈ ਵੀ ਕਰੇਗੀ। ਇਸ ਕੋਰ ਕਮੇਟੀ ਹੇਠ 50 ਮਾਹਿਰਾਂ ਦੀ ਕਮੇਟੀ ਹੋਵੇਗੀ, ਜੋ ਸਾਲ ਵਿੱਚ ਦੋ ਵਾਰ ਮੀਟਿੰਗ ਕਰਿਆ ਕਰੇਗੀ।
ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਮਨਾਂ ਉਪਰ ਕਾਰਟੂਨ, ਇੰਟਰਨੈੱਟ ਤੇ ਫਿਲਮਾਂ ਆਪਣਾ ਪ੍ਰਭਾਵ ਛੱਡਦੀਆਂ ਹਨ, ਜਿਸ ਲਈ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਕਾਰਟੂਨਾਂ ਨੂੰ ਪੰਜਾਬੀ ਬੋਲੀ ਵਿੱਚ ਅਨੁਵਾਦ ਕਰਕੇ ਬੱਚਿਆਂ ਨੂੰ ਦਿਖਾਇਆ ਜਾਵੇ। ਸਾਹਿਤਕਾਰ ਸੁਰਜੀਤ ਪਾਤਰ ਨੇ ਆਪਣੇ ਵਿਚਾਰ ਪ੍ਰਗਟਾਏ ਅਤੇ ਕਿਹਾ ਕਿ ਪੰਜਾਬੀ ਕਲਾਕਾਰਾਂ, ਸਾਹਿਤਕਾਰਾਂ, ਫਨਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਸਕੂਲਾਂ ਵਿੱਚ ਕਰਵਾਏ ਜਾਣ। ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨ ਸਤਿੰਦਰ ਸੱਤੀ ਨੇ ਨੀਤੀ ਬਣਾਉਣ ਵਾਲਿਆਂ ਵਿੱਚ ਉਭਰਦੇ ਕਲਾਕਾਰਾਂ ਨੂੰ ਵੀ ਸ਼ਾਮਲ ਕਰਨ ਦਾ ਸੁਝਾਅ ਦਿੱਤਾ, ਜਿਸ ‘ਤੇ ਮੰਤਰੀ ਨੇ ਐਲਾਨ ਕੀਤਾ ਕਿ ‘ਯੰਗ ਆਰਟ ਐਸੋਸੀਏਸ਼ਨ’ ਬਣਾਈ ਜਾਵੇਗੀ। ਮੀਟਿੰਗ ਦੌਰਾਨ ਮਾਹਰਾਂ ਨੇ ਸੁਝਾਅ ਦਿੱਤੇ ਕਿ ਸਕੂਲਾਂ ਤੇ ਕਾਲਜਾਂ ਦੀ ਪੜ੍ਹਾਈ ਦੇ ਸਿਲੇਬਸ ਵਿੱਚ ਲੋਕ ਸੰਗੀਤ, ਥੀਏਟਰ, ਲੋਕ ਨਾਚਾਂ ਨੂੰ ਸ਼ਾਮਲ ਕੀਤਾ ਜਾਵੇ, ਨੈਤਿਕ ਸਿੱਖਿਆ ਦਾ ਵੱਖਰਾ ਪੀਰੀਅਡ ਲਾਇਆ ਜਾਵੇ ਅਤੇ ਤਕਨੀਕੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਵੀ ਪੜ੍ਹਾਇਆ ਜਾਵੇ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਨੂੰ ਸੱਭਿਆਚਾਰਕ ਮਸ਼ਾਲ ਲੈ ਕੇ ਤੁਰਨ ਦੀ ਲੋੜ ਹੈ ਤਾਂ ਜੋ ਇਸ ਦਾ ਸੁਨੇਹਾ ਘਰ-ਘਰ ਪਹੁੰਚ ਸਕੇ।
ਨਗਰ ਨਿਗਮ ਚੋਣਾਂ ਜੁਲਾਈ-ਅਗਸਤ ‘ਚ ਕਰਵਾਉਣ ਦੀਆਂ ਤਿਆਰੀਆਂ
ਚੰਡੀਗੜ੍ਹ : ਸਥਾਨਕ ਸਰਕਾਰ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਨਗਰ ਨਿਗਮਾਂ ਸਮੇਤ 36 ਨਗਰ ਕੌਂਸਲਾਂ ਵਿਚ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ। ਨਗਰ ਕੌਂਸਲਾਂ ਵਿਚ 10 ਜੁਲਾਈ ਤੇ ਨਗਰ ਨਿਗਮ ਦੀਆਂ ਅਗਸਤ ਵਿਚ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਹਾਲੇ ਤੱਕ ਚੋਣਾਂ ਦੀ ਤਰੀਕ ਅਧਿਕਾਰਤ ਤੌਰ ‘ਤੇ ਐਲਾਨੀ ਨਹੀਂ ਗਈ। ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਨੇ ਅਫਸਰਾਂ ਨੂੰ ਇਹ ਹੁਕਮ ਦਿੱਤੇ ਹਨ ਕਿ ਚੋਣਾਂ 10 ਜੁਲਾਈ ਤੋਂ 5 ਅਗਸਤ ਨੂੰ ਕਰਵਾਉਣੀਆਂ ਹਨ, ਇਸ ਲਈ ਤਿਆਰੀਆਂ ਦੋ ਹਫਤਿਆਂ ਵਿਚ ਪੂਰੀਆਂ ਕਰ ਲਈਆਂ ਜਾਣ। ਕਾਂਗਰਸ ਸਰਕਾਰ ਖਿਲਾਫ ਹਾਲੇ ਤੱਕ ਲੋਕਾਂ ਵਿਚ ਖਾਸ ਨਰਾਜ਼ਗੀ ਨਹੀਂ ਹੈ।ਇਸ ਲਈ ਕੋਸ਼ਿਸ਼ ਹੈ ਕਿ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਕੇ ਚਾਰਾਂ ਨਗਰ ਨਿਗਮਾਂ ‘ਤੇ ਕਾਂਗਰਸ ਦਾ ਕਬਜ਼ਾ ਕਰਵਾਇਆ ਜਾਵੇ।