Breaking News
Home / ਪੰਜਾਬ / ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦਾ ਮਾਮਲਾ ਭਖਿਆ, ਕੈਪਟਨ ਅਮਰਿੰਦਰ ਸਿੰਘ ਨੇ ਲਿਆ ਗੰਭੀਰ ਨੋਟਿਸ

ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦਾ ਮਾਮਲਾ ਭਖਿਆ, ਕੈਪਟਨ ਅਮਰਿੰਦਰ ਸਿੰਘ ਨੇ ਲਿਆ ਗੰਭੀਰ ਨੋਟਿਸ

ਰਾਣਾ ਗੁਰਜੀਤ ਖਿਲਾਫ ਜਾਂਚ ਦੇ ਹੁਕਮ
ਸੇਵਾ ਮੁਕਤ ਜਸਟਿਸ ਜੇ ਐਸ ਨਾਰੰਗ ਕਰਨਗੇ ਮਾਮਲੇ ਦੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁ-ਕਰੋੜੀ ਰੇਤਾ ਖਣਨ ਨਿਲਾਮੀ ਵਿੱਚ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਸਟਿਸ (ਸੇਵਾ-ਮੁਕਤ) ਜੇ.ਐਸ. ਨਾਰੰਗ ਵੱਲੋਂ ਕੀਤੀ ਜਾਵੇਗੀ, ਜੋ ਆਪਣੀ ਰਿਪੋਰਟ ਇਕ ਮਹੀਨੇ ਵਿੱਚ ਸੌਂਪਣਗੇ। ਜਾਂਚ ਕਮਿਸ਼ਨ ਦੀਆਂ ਸ਼ਰਤਾਂ ਤੇ ਹਵਾਲੇ, ਕਮਿਸ਼ਨ ਆਫ ਇਨਕੁਆਇਰੀ ਐਕਟ ਤਹਿਤ ਤੈਅ ਕੀਤੇ ਜਾਣਗੇ ਜਿਨ੍ਹਾਂ ਨੂੰ ਛੇਤੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਕੈਬਨਿਟ ਮੰਤਰੀ ਨੇ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਲਈ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਮੁੱਖ ਮੰਤਰੀ ਨੇ ਰਾਣਾ ਨੂੰ ਜੁਡੀਸ਼ੀਅਲ ਜਾਂਚ ਤੱਕ ਅਹੁਦੇ ‘ਤੇ ਬਣੇ ਰਹਿਣ ਲਈ ਆਖਿਆ ਹੈ।
ਭ੍ਰਿਸ਼ਟਾਚਾਰ ਨੂੰ ਸਹਿਣ ਨਾ ਕਰਨ ਦਾ ਆਪਣਾ ਸਟੈਂਡ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਦੀ ਕੰਪਨੀ ਦੇ ਕੁਝ ਸਟਾਫ ਮੈਂਬਰਾਂ ਵੱਲੋਂ ਕੁਝ ਵਿਸ਼ੇਸ਼ ਖੱਡਾਂ ਪ੍ਰਾਪਤ ਕਰਨ ਦੇ ਲੱਗੇ ਦੋਸ਼ਾਂ ਬਾਰੇ ਮੀਡੀਆ ਰਿਪੋਰਟਾਂ ਦਾ ਖੁਦ ਹੀ ਨੋਟਿਸ ਲੈਂਦਿਆਂ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਰਾਣਾ ਗੁਰਜੀਤ ਸਿੰਘ ਨੇ ਭਾਵੇਂ ਆਪਣੀ ਕੰਪਨੀ ਰਾਣਾ ਸ਼ੂਗਰ ਲਿਮਟਿਡ ਦਾ ਰੇਤਾ ਦੀ ਨਿਲਾਮੀ ਜਾਂ ਖੱਡਾਂ ਦੇ ਕਾਰੋਬਾਰ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ, ਪਰ ਮੁੱਖ ਮੰਤਰੀ ਨੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਹੈ।
ਰੇਤਾ ਦੀਆਂ 50 ਖੱਡਾਂ ਦੀ ਦੋ-ਦਿਨਾ ਨਿਲਾਮੀ ਦੌਰਾਨ ਸਰਕਾਰ ਕੋਲ ਪਹਿਲਾਂ ਹੀ 300 ਕਰੋੜ ਰੁਪਏ ਮਾਲੀਆ ਇਕੱਤਰ ਹੋ ਚੁੱਕਾ ਹੈ। ਇਹ ਸਰਕਾਰ ਦੀ ਖਣਨ ਸੈਕਟਰ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਸਰਕਾਰ ਵੱਲੋਂ 56 ਹੋਰ ਖੱਡਾਂ ਦੀ ਨਿਲਾਮੀ 11 ਜੂਨ ਨੂੰ ਕੀਤੀ ਜਾਵੇਗੀ, ਜਿਸ ਤੋਂ 300 ਕਰੋੜ ਰੁਪਏ ਹੋਰ ਕਮਾਈ ਦੀ ਆਸ ਹੈ।
ਕੈਪਟਨ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ‘ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੀ ਸ਼ਾਮਲ ਸਨ। ਉਨ੍ਹਾਂ ਨਿਜੀ ਤੌਰ ‘ਤੇ ਕਰਵਾਈ ਗਈ ਪੜਤਾਲ ਵਿਚ ਸਾਹਮਣੇ ਆਏ ਤੱਥਾਂ ਸਬੰਧੀ ਚਰਚਾ ਕੀਤੀ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਤਿੰਨ ਕੰਪਨੀਆਂ ਦਾ ਡਾਇਰੈਕਟਰ ਹੈ ਅਮਿਤ ਬਹਾਦੁਰ
ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਜਿਸ ਖ਼ਾਨਸਾਮੇ ਨੇ ਪਿਛਲੇ ਦਿਨੀਂ ਹੋਈ ਈ-ਨਿਲਾਮੀ ਰਾਹੀਂ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤ ਦੀ ਖੱਡ ਹਾਸਲ ਕੀਤੀ ਹੈ, ਉਸ ਦੇ ਬੈਂਕ ਖ਼ਾਤੇ ਵਿੱਚ ਭਾਵੇਂ ਮਹਿਜ਼ 4000 ਰੁਪਏ ਹੋਣ, ਪਰ ਮਿਲੇ ਦਸਤਾਵੇਜ਼ਾਂ ਮੁਤਾਬਕ ਉਹ ਤਿੰਨ ਕੰਪਨੀਆਂ ਦਾ ਡਾਇਰੈਕਟਰ ਹੈ। ਇਨ੍ਹਾਂ ਵਿੱਚੋਂ ਇਕ ਕੰਪਨੀ ਰਾਣਾ ਦੀਆਂ ਹੋਰ ਕੰਪਨੀਆਂ ਵਾਲੇ ਹੀ ਸਿਰਨਾਵੇਂ ‘ਤੇ ਰਜਿਸਟਰਡ ਹੈ।
ਇਨ੍ਹਾਂ ਤਿੰਨ ਕੰਪਨੀਆਂ ਵਿੱਚੋਂ ਦੋ ਦਾ ਈਮੇਲ ਪਤਾ ਵੀ ਰਾਣਾ ਦੀਆਂ ਕੰਪਨੀਆਂ ਵਾਲਾ ਹੀ ਹੈ। ਗ਼ੌਰਤਲਬ ਹੈ ਕਿ ਖ਼ਾਨਸਾਮੇ ਅਮਿਤ ਬਹਾਦੁਰ ਵੱਲੋਂ ਖੱਡ ਦੀ ਬੋਲੀ ਹਾਸਲ ਕੀਤੇ ਜਾਣ ਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ ਰਾਣਾ ਨੇ ਬਹਾਦੁਰ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਬਹਾਦੁਰ ਤੇ ਤਿੰਨ ਹੋਰ ਮੁਲਾਜ਼ਮ, ਜਿਹੜੇ ਇਸ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿਚ ਹਨ, ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਕੋਲੋਂ ਕੰਮ ਛੱਡ ਕੇ ਜਾ ਚੁੱਕੇ ਹਨ। ਰਜਿਸਟਰਾਰ ਆਫ਼ ਕੰਪਨੀਜ਼ ਦੇ ਦਫ਼ਤਰ ਵਿੱਚ ਮੌਜੂਦ ਰਿਕਾਰਡ ਮੁਤਾਬਕ ਖੱਡਾਂ ਦੀ ਨਿਲਾਮੀ ਹਾਸਲ ਕਰਨ ਵਾਲੇ ਰਾਣਾ ਦੇ ਚਾਰ ਮੁਲਾਜ਼ਮਾਂ ਵਿੱਚੋਂ ਦੋ – ਅਮਿਤ ਬਹਾਦੁਰ ਤੇ ਬਲਰਾਜ ਸਿੰਘ – ਫਲਾਅਲੈਸ ਟਰੇਡਰਜ਼ ਪ੍ਰਾਈਵੇਟ ਲਿਮਟਿਡ ਨਾਮੀ ਕੰਮਨੀ ਦੇ ਡਾਇਰੈਕਟਰ ਹਨ। ਗ਼ੌਰਤਲਬ ਹੈ ਕਿ ਬੋਲੀ ਦੀ 55 ਫ਼ੀਸਦੀ ਰਕਮ ਜਮ੍ਹਾਂ ਕਰਾਉਣ ਦੀ ਗੱਲ ਆਉਣ ਉਤੇ ਬਲਰਾਜ ਬੋਲੀ ਤੋਂ ਪਿਛਾਂਹ ਹਟ ਗਿਆ ਸੀ। ਰਿਕਾਰਡ ਮੁਤਾਬਕ ਬਹਾਦੁਰ 17 ਅਗਸਤ, 2015 ਤੇ ਬਲਰਾਜ 25 ਜੂਨ, 2016 ਨੂੰ ઠਡਾਇਰੈਕਟਰ ਬਣਿਆ ਤੇ ਕੰਪਨੀ ਦਾ ਪਤਾ ਐਸਸੀਓ 51-52, ਸੈਕਟਰ 8-ਸੀ, ਦਰਜ ਹੈ। ਇਹੋ ਪਤਾ ਰਾਣਾ ਦੀ ਕੰਪਨੀ ਰਾਣਾ ਐਨਰਜੀ ਦਾ ਹੈ।
ਇੰਨਾ ਹੀ ਨਹੀਂ, ਇਹ ਦੋਵੇਂ ਦੋ ਹੋਰ ਕੰਪਨੀਆਂ ਦੇ ਵੀ ਡਾਇਰੈਕਟਰ ਹਨ। ਇਨ੍ਹਾਂ ਵਿੱਚੋਂ ਸੈਂਚਰੀ ਐਗਰੋਜ਼ ਪ੍ਰਾਈਵੇਟ ਲਿਮਟਿਡ ਦਾ ਈਮੇਲ ਪਤਾ ਰਾਣਾ ਗਰੁੱਪ ਵਾਲਾ ਹੀ ਹੈ। ਇਸ ਦਾ ਸਿਰਨਾਵਾਂ ਐਸਸੀਓ 1114, ਸੈਕਟਰ 22-ਬੀ ਚੰਡੀਗੜ੍ਹ ਦਾ ਹੈ ਪਰ ਇਸ ਥਾਂ ਬੱਚਿਆਂ ਦੇ ਸਾਮਾਨ ਦਾ ਮਸ਼ਹੂਰ ਮਾਲ ‘ਰਾਮਾ ਸਟੋਰਜ਼’ ਹੈ। ਸਟੋਰ ਦੇ ਮਾਲਕ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੇ ਉਤੇ ਅਜਿਹੀ ਕੋਈ ਕੰਪਨੀ ਰਜਿਸਟਰਡ ਨਹੀਂ ਹੈ ਤੇ ਦਹਾਕੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਸ਼ੋਅਰੂਮ ਕਿਰਾਏ ਉਤੇ ਵੀ ਨਹੀਂ ਦਿੱਤਾ। ਅਮਿਤ ਬਹਾਦੁਰ ਤੇ ਬਲਰਾਜ ਇਕ ਹੋਰ ਕੰਪਨੀ ਆਰਜੇ ਟੈਕਸਫੈਬ ਪ੍ਰਾਈਵੇਟ ਲਿਮਟਿਡ ਦੇ ਵੀ ਡਾਇਰੈਕਟਰ ਹਨ, ਜਿਸ ਦਾ ਵੱਖਰਾ ਈਮੇਲ ਪਤਾ ਹੈ।
26 ਕਰੋੜ ਰੁਪਏ ‘ਚ ਰੇਤੇ ਦੀ ਖੱਡ ਲੈਣ ਵਾਲੇ ਅਮਿਤ ਬਹਾਦੁਰ ਦੀ ਸਲਾਨਾ ਆਮਦਨ ਸਿਰਫ 90 ਹਜ਼ਾਰ ਰੁਪਏ
ਖਹਿਰਾ ਨੇ ਅਮਿਤ ਬਹਾਦੁਰ ਦਾ ਪਿਛਲੇ ਤਿੰਨ ਸਾਲਾਂ ਦਾ ਆਮਦਨ ਕਰ ਰਿਟਰਨਾਂ ਦਾ ਰਿਕਾਰਡ ਜਾਰੀ ਕੀਤਾ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਖ਼ਾਨਸਾਮੇ ਅਮਿਤ ਬਹਾਦੁਰ ਵੱਲੋਂ ਪਿਛਲੇ ਸਾਲ ਦੀ ਦਾਖ਼ਲ ਆਮਦਨ ਕਰ ਰਿਟਰਨ ਤੋਂ ਪਤਾ ਚਲਦਾ ਹੈ ਕਿ ਉਸ ਦੀ ਸਾਲਾਨਾ ਆਮਦਨ ਤਕਰੀਬਨ 90 ਹਜ਼ਾਰ ਰੁਪਏ ਹੈ ਅਤੇ ਉਸ ਦੇ ਖਾਤੇ ਵਿੱਚ ਚਾਰ ਹਜ਼ਾਰ ਰੁਪਏ ਬਕਾਇਆ ਹਨ। ਇਸ ਖ਼ਾਨਸਾਮੇ ਨੇ ਰਾਜ ਦੀ ਸਭ ਤੋਂ ਮਹਿੰਗੀ ਰੇਤ ਖੱਡ ਦਾ 26 ਕਰੋੜ ਵਿੱਚ ਠੇਕਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲ ਹੀ ਵਿੱਚ ਹੋਈ ਈ-ਬੋਲੀ ਰਾਹੀਂ ਘੱਟੋ-ਘੱਟ ਚਾਰ ਖੱਡਾਂ ਦੇ ਠੇਕੇ ਇਸ ਮੰਤਰੀ ਦੀ ਕੰਪਨੀ ਦੇ ਮੁਲਾਜ਼ਮਾਂ ਨੇ ਹਾਸਲ ਕੀਤੇ ਸਨ। ਠੇਕੇ ਲੈਣ ਵਾਲਿਆਂ ਵਿੱਚ ਖ਼ਾਨਸਾਮਾ ਅਮਿਤ ਬਹਾਦੁਰ ਵੀ ਸ਼ਾਮਲ ਹੈ। ਬੋਲੀ ਵਿੱਚ ਸ਼ਾਮਲ ਹੋਣ ਵੇਲੇ ਵਣਜ ਤੇ ਸਨਅਤ ਵਿਭਾਗ ਕੋਲ ਜਮ੍ਹਾਂ ਕਰਵਾਏ ਰਿਕਾਰਡ ਮੁਤਾਬਕ ਉਸ ਕੋਲ ਪਿਛਲੇ ਮਹੀਨੇ ਤੱਕ 4840 ਰੁਪਏ ਬੈਂਕ ਬਕਾਇਆ ਸੀ। ਆਮਦਨ ਕਰ ਰਿਟਰਨ ਮੁਤਾਬਕ ਉਸ ਦੀ ਸਾਲਾਨਾ ਆਮਦਨ 92680 ਰੁਪਏ ਹੈ। ਇਸ ਸਬੰਧੀ ‘ਆਪ’ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਅਮਿਤ ਬਹਾਦੁਰ ਦਾ ਪਿਛਲੇ ਤਿੰਨ ਸਾਲਾਂ ਦਾ ਆਮਦਨ ਕਰ ਰਿਟਰਨਾਂ ਦਾ ਰਿਕਾਰਡ ਜਾਰੀ ਕੀਤਾ। ਅਮਿਤ ਬਹਾਦੁਰ ਸਣੇ ਰਾਣਾ ਸ਼ੂਗਰਜ਼ ਦੇ ਚਾਰ ਮੁਲਾਜ਼ਮਾਂ ਨੇ ਰੇਤੇ ਦੀਆਂ ਖੱਡਾਂ ਹਾਸਲ ਕੀਤੀਆਂ ਸਨ। ਅਮਿਤ ਬਹਾਦੁਰ ਨੇ 26.51 ਕਰੋੜ ਰੁਪਏ ਵਿੱਚ ਨਵਾਂਸ਼ਹਿਰ ਵਿੱਚ ਪਿੰਡ ਸੈਦਪੁਰ ਖੁਰਦ ਦੀ ਖੱਡ ਹਾਸਲ ਕੀਤੀ। ਡਿਪਟੀ ਜਨਰਲ ਮੈਨੇਜਰ ਕੁਲਵਿੰਦਰ ਪਾਲ ਸਿੰਘ ਨੇ 9.21 ਕਰੋੜ ਰੁਪਏ ਵਿੱਚ ਮਹਿਦੀਪੁਰ ਖੱਡ, ਗੁਰਿੰਦਰ ਸਿੰਘ ਨੇ 4.11 ਕਰੋੜ ਵਿੱਚ ਮੁਹਾਲੀ ਜ਼ਿਲ੍ਹੇ ਦੀ ਰਾਮਪੁਰ ਕਲਾਂ ਖੱਡ ਅਤੇ ਬਲਰਾਜ ਸਿੰਘ ਨੇ 10.58 ਕਰੋੜ ਵਿੱਚ ਪਿੰਡ ਬੈਰਸਾਲ ਦੀ ਖੱਡ ਹਾਸਲ ਕੀਤੀ ਸੀ।
ਕੈਪਟਨ ਤੇ ਰੈੱਡੀ ਨੂੰ ਨੋਟਿਸ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਰੇਤੇ ਦੀਆਂ ਖੱਡਾਂ ਵਿੱਚ ਬੇਨਾਮੀ ਲੈਣ-ਦੇਣ ਤੇ ਕਾਲੇ ਧਨ ਨੂੰ ਸਫੈਦ ਕਰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਣਜ ਤੇ ਸਨਅਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀਪੀ ਰੈੱਡੀ ਨੂੰ ਨੋਟਿਸ ਭੇਜਿਆ ਹੈ। ਅਰੋੜਾ ਨੇ ਕਿਹਾ ਕਿ ਇਹ ਮਾਮਲਾ ਡੂੰਘਾਈ ਨਾਲ ਪੜਤਾਲ ਦੀ ਮੰਗ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਡੀਪੀ ਰੈੱਡੀ ਤੋਂ ਫੌਰਨ ਸਨਅਤ ਵਿਭਾਗ ਲਿਆ ਜਾਵੇ ਅਤੇ ਉਨ੍ਹਾਂ ਨੂੰ ਅਪਰਾਧਿਕ ਅਣਗਹਿਲੀ ਲਈ ਚਾਰਜਸ਼ੀਟ ਕੀਤਾ ਜਾਵੇ।
ਪੰਜਾਬ ਭਾਜਪਾ ਨੇ ਵੀ ਰਾਣਾ ਗੁਰਜੀਤ ਖਿਲਾਫ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ : ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਰੇਤੇ ਦੀਆਂ ਖੱਡਾਂ ਦੀ ਫ਼ਰਜ਼ੀ ਬੋਲੀ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਅਮਿਤ ਬਹਾਦੁਰ ਅਤੇ ਬਲਰਾਜ ਸਿੰਘ ਖ਼ਿਲਾਫ਼ ਸੀਬੀਆਈ, ਇਨਫੋਰਸਮੈਂਟ ਡਾਇਰੈਕਟੋਰੇਟ, ਆਮਦਨ ਕਰ ਅਤੇ ਐਨਆਈਏ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰਨ ਦੀ ਮੰਗ ਕਰਦਿਆਂ ਰਾਜਪਾਲ ਨਾਲ ਮੁਲਾਕਾਤ ਕੀਤੀ। ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਪਾਰਟੀ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸੂਬਾ ਮੀਤ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਸੂਬਾ ਸਕੱਤਰ ਵਿਜੈ ਪੁਰੀ ‘ਤੇ ਆਧਾਰਿਤ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਨਿਆਂਇਕ ਕਮਿਸ਼ਨ ਨੂੰ ਖਾਰਜ ਕਰ ਦਿੱਤਾ ਹੈ। ਆਗੂਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਰਾਣਾ ਗੁਰਜੀਤ ਸਿੰਘ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮਿੱਤਲ ਅਤੇ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਰੇਤ ਮਾਈਨਿੰਗ ਦੇ ਵਪਾਰ ‘ਤੇ ਕਬਜ਼ਾ ਕਰਨ ਲਈ ਆਪਣੇ ਕਰਮਚਾਰੀਆਂ ਦੀ ਆੜ ਵਿੱਚ ਨਾ ਸਿਰਫ਼ ਆਰਥਿਕ ਲਾਭ ਲੈਣ ਦੀ ਕੋਸ਼ਿਸ਼ ਕੀਤੀ ਬਲਕਿ ਸਰਕਾਰੀ ਮਸ਼ੀਨਰੀ ਅਤੇ ਅਹੁਦੇ ਦਾ ਨਾਜਾਇਜ਼ ਫਾਇਦਾ ਵੀ ਚੁੱਕਿਆ, ਇਸ ਲਈ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ, ਵਿਸ਼ਵਾਸਘਾਤ ਤੇ ਫਰਜ਼ੀ ਬੋਲੀ ਕਰਾਉਣ ਵਰਗੇ ਮਾਮਲੇ ਬਣਦੇ ਹਨ।
ਰੇਤੇ ਦੀਆਂ ਖੱਡਾਂ ਦਾ ਬਹੁ ਕਰੋੜੀ ਠੇਕਾ, ਬਹੁਤ ਵੱਡਾ ਧੋਖਾ
ਕਾਂਗਰਸ ਸਰਕਾਰ ਦੀ ਇਮਾਨਦਾਰੀ ਆਈ ਸਾਹਮਣੇ : ਬਾਦਲ
ਲੰਬੀ : ਪਿਛਲੀ ਸਰਕਾਰ ਦੇ ਮੱਥੇ ‘ਤੇ ਲੱਗੀ ਰੇਤੇ-ਬਜਰੀ ਦੀਆਂ ਖੱਡਾਂ ਦੀ ਕਾਲਖ ਹੁਣ ਕਾਂਗਰਸ ਸਰਕਾਰ ਦੀ ਝੋਲੀ ਪੈ ਗਈ ਹੈ। ਆਮ ਆਦਮੀ ਪਾਰਟੀ ਦੇ ਤਿੱਖੇ ਸੁਰਾਂ ਉਪਰੰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੌਕਰਾਂ ਜ਼ਰੀਏ ਬਹੁ-ਕਰੋੜੀ ਰੇਤ ਖੱਡਾਂ ਦੇ ਠੇਕੇ ਨੂੰ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮਾਮਲੇ ਨਾਲ ਇਹ ਗੱਲ ઠਸਾਹਮਣੇ ਆ ਗਈ ਹੈ ਕਿ ਕਾਂਗਰਸ ਸਰਕਾਰ ਕਿੰਨੀ ਕੁ ਇਮਾਨਦਾਰ ਹੈ। ਲੰਬੀ ਹਲਕੇ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਸਾਰਾ ਮਾਮਲਾ ਸਪੱਸ਼ਟ ਹੈ ਕਿ ਖੱਡਾਂ ਲੈਣ ਵਾਲੇ ਰਾਣਾ ਗੁਰਜੀਤ ਸਿੰਘ ਦੇ ਬੰਦੇ ਹਨ। ਉਨ੍ਹਾਂ ਦੇ ਨੌਕਰਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ, ਇੰਨਾ ਪੈਸਾ ਤਾਂ ਵੱਡੇ-ਵੱਡੇ ਬੰਦਿਆਂ ਕੋਲ ਨਹੀਂ ਹੁੰਦਾ। ਸਾਬਕਾ ਮੁੱਖ ਮੰਤਰੀ ਪਿੰਡ ਘੁਮਿਆਰਾ, ਲੁਹਾਰਾ, ਵੜਿੰਗ ਖੇੜਾ ਅਤੇ ਬਨਵਾਲਾ ਅਨੂੰਕਾ ਵਿੱਚ ਵੱਖ-ਵੱਖ ਪਰਿਵਾਰਾਂ ਵਿਚ ਹੋਈਆਂ ਮੌਤਾਂ ‘ਤੇ ਸੋਗ ਪ੍ਰਗਟਾਉਣ ਉਪਰੰਤ ਪਿੰਡ ਬਨਵਾਲਾ ਵਿਚ ਗੱਲਬਾਤ ਕਰ ਰਹੇ ਸਨ। ਉਨ੍ਹਾਂ ਅਕਾਲੀ ਦਲ ਦੀ ਮੀਟਿੰਗ ਦੌਰਾਨ ਵਰਕਰਾਂ ਵਿਚਕਾਰ ਹੋਈ ਨਾਅਰੇਬਾਜ਼ੀ ਅਤੇ ਖਿੱਚੋਤਾਣ ਬਾਰੇ ਪੁੱਛੇ ਸਵਾਲ ‘ਤੇ ਕਿਹਾ ‘ਖ਼ਾਲਸਾ ਸੋ ਜੋ ਕਰੇ ਨਿੱਤ ਜੰਗ’। ਅਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ।
ਅਕਾਲੀ ਦਲ ਵੱਲੋਂ ਮਾਮਲਾ ਈਡੀ ਨੂੰ ਸੌਂਪਣ ਦੀ ਮੰਗ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਰਾਣਾ ਗੁਰਜੀਤ ਸਿੰਘ ਦੇ ਨੌਕਰ ਨੂੰ ਰੇਤ ਦੀਆਂ ਖੱਡਾਂ ਅਲਾਟ ਹੋਣ ਦੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਨੂੰ ਰੱਦ ਕਰਦਿਆਂ ਮਾਮਲਾ ਈਡੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੇ ਨੌਕਰ ਵੱਲੋਂ 50 ਕਰੋੜ ਰੁਪਏ ਦੀ ਖੱਡ ਹਾਸਲ ਕਰਨਾ ਆਪਣੇ ਆਪ ਵਿਚ ਗੰਭੀਰ ਤੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਸਿੰਜਾਈ ਤੇ ਬਿਜਲੀ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਵੀ ਕੀਤਾ ਜਾਣਾ ਚਾਹੀਦਾ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …