ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੇ ਸਹਿਯੋਗ ਨਾਲ, ਕਿਸਾਨ ਸੰਘਰਸ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਲੰਘੇ ਐਤਵਾਰ ਬਰੈਂਪਟਨ ਦੇ ਸਿਟੀ ਹਾਲ ਵਿਖੇ ਪ੍ਰੋਗਰਾਮ ਕੀਤਾ ਗਿਆ।
ਇਹ ਪ੍ਰੋਗਰਾਮ ਭਾਰਤ ਵਿਚ ਬੀਜੇਪੀ ਲੀਡਰ ਵਲੋਂ ਲਖੀਮਪੁਰ ਖੀਰੀ ਵਿਚ ਸ਼ਾਂਤਮਈ ਅੰਦੋਲਨ ਕਰਕੇ ਵਾਪਿਸ ਆ ਰਹੇ ਕਿਸਾਨਾਂ ਨੂੰ ਅੱਤ ਦਰਿੰਦਗੀ ਨਾਲ ਆਪਣੀਆਂ ਜੀਪਾਂ ਥੱਲੇ ਦਰੜਣ ਅਤੇ ਹਰਿਆਣੇ ਵਿਚ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਅਤੇ ਤਸ਼ੱਦਦ ਖਿਲਾਫ਼ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਨੂੰ ਕਬੂਲਦਿਆਂ, ਇਨ੍ਹਾਂ ਘਿਰਣਤ ਕਾਰਵਾਈਆਂ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨ ਲਈ ਸੀ। ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਅਪਣੇ ਵਿਚਾਰ ਰੱਖਣ ਤੋਂ ਇਲਾਵਾ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਵੀ ਵਿਸ਼ੇਸ਼ ਤੌਰ ‘ਤੇ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਕੈਂਡਲ ਮਾਰਚ ਕੀਤਾ ਗਿਆ। ਰੈਲੀ ਨੂੰ ਸ਼ੁਰੂ ਕਰਦਿਆਂ ਉਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਦੇ ਸਕੱਤਰ ਮਨਜੀਤ ਸਿੰਘ ਪ੍ਰਮਾਰ ਨੇ ਰੈਲੀ ਦੇ ਮਕਸਦ ਬਾਰੇ ਦੱਸਿਆ ਅਤੇ ਸ਼ਹੀਦਾਂ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਨ ਕਰਵਾਇਆ। ਕਲਮਾਂ ਦੇ ਕਾਫਲੇ ਦੇ ਸੰਚਾਲਕ ਕੁਲਵਿੰਦਰ ਖਹਿਰਾ ਨੇ ਬੜੇ ਪ੍ਰਭਾਵਸ਼ਾਲੀ ਬੋਲਾਂ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਵਿਚ ਯਕੀਨ ਪ੍ਰਗਟਾਇਆ। ਤਰਕਸ਼ੀਲ ਸੋਸਾਇਟੀ ਦੇ ਕੋਆਰਡੀਨੇਟਰ ਬਲਦੇਵ ਰਹਿਪਾ ਨੇ ਕਿਸਾਨੀ ਸੰਘਰਸ਼ ਨੂੰ ਜਿਤਣ ਵਿਚ ਮਦਦ ਦੇਣ ਲਈ, ਕੈਨੇਡਾ ਵਿਚਲੀਆਂ ਲਈ ਵੱਖ-ਵੱਖ ਵਿਚਾਰਾਂ ਵਾਲੀਆਂ ਜਥੇਬੰਦੀਆਂ ਨੂੰ ਇਸ ਦੇ ਸਮਰਥਨ ਵਿਚ ਇੱਕਜੁੱਟ ਹੋਣ ਲਈ ਕਿਹਾ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕ ਮੰਚ ‘ਤੇ ਇਕੱਠੀਆਂ ਹੋ ਸਕਦੀਆਂ ਹਨ, ਤਾਂ ਉਨ੍ਹਾਂ ਦੀ ਮੱਦਦ ਕਰਨ ਵਾਲਿਆਂ ਨੂੰ ਵੀ ਇਕੱਠੇ ਹੋ ਜਾਣਾ ਚਾਹੀਦਾ ਹੈ। ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਦੇ ਦਰਸ਼ਨ ਗਿੱਲ ਨੇ ਵਿਸਥਾਰ ਵਿਚ ਸੰਘਰਸ਼ ਬਾਰੇ ਅਪਣੇ ਵਿਚਾਰ ਰੱਖਦਿਆਂ, ਇਸ ਨੂੰ ਬੀਜੇਪੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਦੱਸਿਆ ਅਤੇ ਸੁਸਾਇਟੀ ਵਲੋਂ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਅਪੀਲ ਕੀਤੀ।
ਉਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਦੇ ਗੋਬਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਇਹ ਅੱਤ ਮਹੱਤਵਪੂਰਨ ਸੰਘਰਸ਼ ਹੈ ਜੋ ਛੋਟੇ ਅਤੇ ਮੱਧ ਦਰਜੇ ਦੇ ਕਿਸਾਨਾਂ ਦੀ ਹੋਂਦ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ, ਜੇਕਰ ਇਹ ਕਾਮਯਾਬ ਨਹੀਂ ਹੁੰਦਾ ਤਾਂ ਲੋਕਾਂ ਦਾ ਸੰਘਰਸ਼ ਵਿਚੋਂ ਵਿਸ਼ਵਾਸ਼ ਉੱਠ ਜਾਵੇਗਾ ਅਤੇ ਲੰਬੇ ਸਮੇਂ ਤੱਕ ਕੋਈ ਲੋਕ ਪੱਖੀ ਲਹਿਰ ਨਹੀਂ ਚੱਲ ਸਕੇਗੀ। ਡਾ. ਬਲਜਿੰਦਰ ਸੇਖੋਂ ਨੇ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਅੰਤਰਾਸ਼ਟਰੀ ਮੁਦਰਾ ਫੰਡ, ਸੰਸਾਰ ਬੈਂਕ, ਸੰਸਾਰ ਵਪਾਰ ਸੰਸਥਾ ਜਿਹੀਆਂ ਸੰਸਥਾਵਾਂ ਦੇ ਦਬਾਅ ਥੱਲੇ ਬਣਾਏ ਗਏ ਹਨ, ਜੋ ਕਿਸਾਨਾਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦੇਣਗੇ। ਇਨ੍ਹਾਂ ਦਾ ਮੁੱਖ ਮਕਸਦ, ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਪੁੱਟ ਕੇ, ਕਾਰਪੋਰੇਟਾਂ ਲਈ ਸਸਤੇ ਮਜ਼ਦੂਰ ਮਹੱਈਆ ਕਰਵਾਉਣਾ ਹੈ।
ਕੁਲਤਾਰ ਸਿੰਘ ਗਿੱਲ ਨੇ ਕਿਸਾਨੀ ਸੰਘਰਸ਼ ਲਈ ਆਉਦੇ ਦਿਨ੍ਹਾਂ ਵਿਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਆਖਿਰ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਅਪਣੇ ਵਿਚਾਰ ਰੱਖੇ, ਜਿਸ ਵਿਚ ਉਨ੍ਹਾਂ ਕਿਹਾ ਕਿ ਬਰੈਂਪਟਨ ਸਿਟੀ ਕੌਂਸਲ, ਨੇ ਇਸ ਸੰਘਰਸ਼ ਨੂੰ ਸਹੀ ਮੰਨਦੇ ਹੋਏ ਬੜੇ ਪਹਿਲਾਂ ਹੀ ਇਸ ਦੇ ਹੱਕ ਵਿਚ ਮਤਾ ਪਾਸ ਕਰਕੇ ਭਾਰਤ ਦੀ ਸਰਕਾਰ ਨੂੰ ਭੇਜ ਦਿੱਤਾ ਸੀ।
ਉਨ੍ਹਾਂ ਦੇ ਵਿਚਾਰ ਵਿਚ ਦੁਨੀਆਂ ਭਰ ਦੇ ਸ਼ਹਿਰਾਂ ਦੀਆਂ ਕੌਂਸਲਾਂ ਨੂੰ ਇਸ ਤਰ੍ਹਾਂ ਦੇ ਮਤੇ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜਣੇ ਚਾਹੀਦੇ ਹਨ, ਤਾਂ ਜੋ ਉਹ ਵੱਖ-ਵੱਖ ਸ਼ਹਿਰਾਂ ਦੀ ਆਵਾਜ਼ ਸੁਣ ਕੇ ਇਹ ਕਾਨੂੰਨ ਰੱਦ ਕਰ ਦੇਣ। ਸਟੇਜ ਦੀ ਜ਼ਿੰਮੇਵਾਰੀ ਇੰਦਰਦੀਪ ਸਿੰਘ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਆਖੀਰ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ।