16 C
Toronto
Sunday, October 5, 2025
spot_img
Homeਕੈਨੇਡਾਮਲੂਕ ਸਿੰਘ ਕਾਹਲੋਂ ਨੇ ਪੋਤਰੀ ਦੇ ਜਨਮ ਦੀ ਖ਼ੁਸ਼ੀ ਕੈਨੇਡੀਅਨ ਪੰਜਾਬੀ ਸਾਹਿਤ...

ਮਲੂਕ ਸਿੰਘ ਕਾਹਲੋਂ ਨੇ ਪੋਤਰੀ ਦੇ ਜਨਮ ਦੀ ਖ਼ੁਸ਼ੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਾਥੀਆਂ ਨਾਲ ਸਾਂਝੀ ਕੀਤੀ

ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਅਗਲੇ ਸਾਲ ਲਈ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਪਿਛਲੇ ਦਿਨੀਂ ਪੈਦਾ ਹੋਈ ਆਪਣੀ ਪੋਤਰੀ ਹੇਜ਼ਲ ਕਾਹਲੋਂ (ਪੁੱਤਰੀ ਹੁਨਰ ਕਾਹਲੋਂ) ਦੇ ਜਨਮ ਦੀ ਖੁਸ਼ੀ ਸਭਾ ਦੇ ਕੁਝ ਸਾਥੀਆਂ ਨਾਲ ਸਾਂਝੀ ਕੀਤੀ। ਲੰਘੇ ਸ਼ਨੀਵਾਰ ਉਨ੍ਹਾਂ ਵੱਲੋਂ ਸਥਾਨਕ ‘ਆਗਰਾ ਸਵੀਟਸ ਐਂਡ ਰੈਸਟੋਰੈਂਟ’ ਵਿਖੇ ਦੁਪਹਿਰ ਦੇ ਲਜ਼ੀਜ਼ ਖਾਣੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਭਾ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਦੋ ਹੋਰ ਸਾਥੀ ਸ਼ਾਮਲ ਹੋਏ। ਕਰੋਨਾ ਦੇ ਚੱਲ ਰਹੇ ਅਜੋਕੇ ਪ੍ਰਕੋਪ ਕਾਰਨ ਇਸ ਇਕੱਠ ਨੂੰ ਸੀਮਿਤ ਹੀ ਰੱਖਿਆ ਗਿਆ। ਹਾਜ਼ਰ ਵਿਅੱਕਤੀਆਂ ਵੱਲੋਂ ਕਾਹਲੋਂ ਸਾਹਿਬ ਨੂੰ ਬੇਟੀ ਹੇਜ਼ਲ ਦੇ ਆਗਮਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਸ ਦੇ ਲੰਮੇਂ ਅਤੇ ਤੰਦਰੁਸਤ ਜੀਵਨ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰੋ. ਰਾਮ ਸਿੰਘ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਚ ਪ੍ਰਚੱਲਤ ਧਾਰਨਾਵਾਂ ਤੇ ਰੀਤੀ-ਰਿਵਾਜਾਂ ਨੂੰ ਤੋੜਨਾ ਬੜਾ ਮੁਸ਼ਕਲ ਹੁੰਦਾ ਹੈ, ਕਿਉਂਕਿ ਅਜਿਹਾ ਕਰਨ ‘ਤੇ ਬਹੁਤ ਸਾਰੇ ਲੋਕਾਂ ਵੱਲੋਂ ਕਿੰਤੂ-ਪਰੰਤੂ ਕੀਤੇ ਜਾਂਦੇ ਹਨ। ਬਹੁਤ ਹੀ ਘੱਟ ਸ਼ਖ਼ਸ ਹੁੰਦੇ ਹਨ ਜੋ ਇਨ੍ਹਾਂ ਪ੍ਰਚੱਲਤ ਰਸਮਾਂ ਤੋਂ ਪਰੇ ਜਾਣ ਅਤੇ ਨਵੀਆਂ ਧਾਰਨਾਵਾਂ ਬਨਾਉਣ ਦੀ ਹਿੰਮਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਲੂਕ ਸਿੰਘ ਕਾਹਲੋਂ ਉਨ੍ਹਾਂ ਚੋਣਵੇਂ ਇਨਸਾਨਾਂ ਵਿੱਚੋਂ ਇਕ ਹਨ ਜਿਨ੍ਹਾਂ ਨੇ ਆਪਣੀ ਪੋਤਰੀ ਦੇ ਜਨਮ ਨੂੰ ਪੁੱਤਰਾਂ ਦੇ ਬਰਾਬਰ ਸਮਝਿਆ ਹੈ। ਉਨ੍ਹਾਂ ਚੜ੍ਹਦੇ ਸੂਰਜ ਦੀ ਲਾਲੀ ਦੇ ਨਾਂ ਵਾਲੀ ਬੇਟੀ ਹੇਜ਼ਲ ਦੇ ਜਨਮ ਦੀ ਮੁਬਾਰਕਬਾਦ ਮਲੂਕ ਸਿੰਘ ਕਾਹਲੋਂ ਅਤੇ ਹੋਰ ਸਾਥੀਆਂ ਨਾਲ ਸਾਂਝੀ ਕੀਤੀ। ਕਹਾਣੀਕਾਰ ਕੁਲਜੀਤ ਮਾਨ ਨੇ ਨਵ-ਜਨਮੀ ਬੇਟੀ ਨੂੰ ਇਸ ਸੰਸਾਰ ਵਿਚ ਆਉਣ ઑਤੇ ‘ਜੀ-ਆਇਆਂ’ ਕਹਿੰਦਿਆਂ ਅਤੇ ਕਾਹਲੋਂ ਪਰਿਵਾਰ ਨਾਲ ਆਪਣੀ ਨੇੜਤਾ ਦਰਸਾਉਂਦਿਆਂ ਹੋਇਆਂ ਕਿਹਾ ਕਿ ਅਜੋਕੇ ਸਮਾਜ ਵਿਚ ਔਰਤਾਂ ਜਦੋਂ ਘਰ ਦੇ ਬਾਹਰ ਮਰਦ ਦੇ ਬਰਾਬਰ ਨੌਕਰੀਆਂ ਅਤੇ ਹੋਰ ਸਾਰੇ ਸੰਸਾਰਕ ਕੰਮ-ਕਾਜ ਕਰਦੀਆਂ ਹਨ ਤਾਂ ਰਸੋਈ ਦਾ ਕੰਮ ਵੀ ਹੁਣ ਕੇਵਲ ਔਰਤਾਂ ਦਾ ਹੀ ਨਹੀਂ ਹੈ, ਸਗੋਂ ਮਰਦਾਂ ਨੂੰ ਵੀ ਇਸ ਵਿਚ ਬਰਾਬਰ ਦਾ ਹੱਥ ਵਟਾਉਣਾ ਚਾਹੀਦਾ ਹੈ।
ਸਭਾ ਦੇ ਚੇਅਰਮੈਨ ਅਜਾਇਬ ਸਿੰਘ ਸੰਘਾ ਦਾ ਕਹਿਣਾ ਸੀ ਕਿ ਪੁਰਾਣੀਆ ਰਵਾਇਤਾਂ ਨੂੰ ਪਿੱਛੇ ਛੱਡ ਕੇ ਕਾਹਲੋਂ ਸਾਹਿਬ ਨੇ ਇਸ ਨਵੀਂ ਧਾਰਨਾ ਨੂੰ ਅਪਨਾਇਆ ਹੈ। ਸਾਨੂੰ ਸਾਰਿਆਂ ਨੂੰ ਇਸ ਦੀ ਬੜੀ ਖ਼ੁਸ਼ੀ ਹੈ ਅਤੇ ਅਸੀਂ ਸਾਰੇ ਉਨ੍ਹਾਂ ਨੂੰ ਹਾਰਦਿਕ-ਮੁਬਾਰਕਬਾਦ ਦਿੰਦੇ ਹਾਂ। ਡਾ. ਸੁਖਦੇਵ ਸਿੰਘ ਨੇ ਇਸ ਮੌਕੇ ਬੋਲਦਿਆਂ ਸਮੇਂ ਦੇ ਨਾਲ ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ 35-40 ਸਾਲ ਪਹਿਲਾਂ ਦੇ ਸਮਾਜਿਕ ਜੀਵਨ ਵੱਲ ਨਜ਼ਰ ਦੌੜਾਈ ਜਾਏ ਤਾਂ ਉਹ ਹੁਣ ਨਾਲੋਂ ਬਹੁਤ ਵੱਖਰਾ ਵਿਖਾਈ ਦਿੰਦਾ ਹੈ। ਉਦੋਂ ਲੜਕੀ ਦੇ ਜੰਮਣ ‘ਤੇ ਘਰ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਪਰ ਅੱਜ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਲੜਕਿਆਂ ਵਾਂਗ ਉਨ੍ਹਾਂ ਦੀਆਂ ਵੀ ਲੋਹੜੀਆਂ ਬਾਲੀਆਂ ਜਾਂਦੀਆਂ ਹਨ।
ਇਸ ਮੌਕੇ ਹਰਜਸਪ੍ਰੀਤ ਗਿੱਲ ਦਾ ਕਹਿਣਾ ਸੀ ਕਿ ਭਾਵੇਂ ਸਮੇਂ ਦੇ ਨਾਲ ਅੱਜਕੱਲ੍ਹ ਭਾਵੇਂ ਬਹੁਤ ਕੁਝ ਬਦਲ ਗਿਆ ਹੈ ਪਰ ਅਜੇ ਵੀ ਕਈ ਮੁੱਦਿਆਂ ਤੇ ਖ਼ੇਤਰਾਂ ਵਿਚ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਉਨ੍ਹਾਂ ਕਾਮਨਾ ਕੀਤੀ ਕਿ ਜਲਦੀ ਹੀ ਇਸ ਦਿਸ਼ਾ ਵਿਚ ਹੋਰ ਯਥਾਯੋਗ ਤਬਦੀਲੀਆਂ ਆਉਣਗੀਆਂ। ਡਾ. ਜਗਮੋਹਨ ਸਿੰਘ ਸੰਘਾ, ਪਰਮਜੀਤ ਸਿੰਘ ਗਿੱਲ ਅਤੇ ਜਨਾਬ ਮਕਸੂਦ ਚੌਧਰੀ ਵੱਲੋਂ ਵੀ ਇਸ ਨਾਲ ਮਿਲਦੇ-ਜੁਲਦੇ ਵਿਚਾਰ ਸਾਂਝੇ ਕੀਤੇ ਗਏ। ਇਕਬਾਲ ਬਰਾੜ ਅਤੇ ਪਰਮਜੀਤ ਗਿੱਲ ਵੱਲੋਂ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਗੀਤ ਪੇਸ਼ ਕੀਤੇ ਗਏ। ਮਲੂਕ ਸਿੰਘ ਕਾਹਲੋਂ ਵੱਲੋਂ ਸਾਰੇ ਹਾਜ਼ਰ ਮੈਂਬਰਾਂ ਦਾ ਬੇਟੀ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ ਗਿਆ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਮਲੂਕ ਸਿੰਘ ਕਾਹਲੋਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਸ ਸਮਾਜ ਵਿਚ ਜਦੋਂ ਵੀ ਕੋਈ ਨਵਾਂ ਕਦਮ ਉਠਾਉਂਦਾ ਹੈ ਤਾਂ ਉਸ ਦੀ ਆਲੋਚਨਾ ਜ਼ਰੂਰ ਹੁੰਦੀ ਹੈ ਪਰ ਇਸ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਉਸ ਸਮੇਂ ਕਈਆਂ ਨੇ ‘ਕੁਰਾਹੀਆ’ ਕਿਹਾ ਸੀ ਪਰ ਉਨ੍ਹਾਂ ਨੇ ਆਪਣਾ ਮਿਸ਼ਨ ਜਾਰੀ ਰੱਖਿਆ ਸੀ। ਉਨ੍ਹਾਂ ਇਸ ਦਾਅਵਤ ‘ਤੇ ਪਹੁੰਚਣ ਲਈ ਸਾਰਿਆਂ ਦਾ ਹਾਰਦਿਕ ਧੰਨਵਾਦ ਕੀਤਾ।

RELATED ARTICLES
POPULAR POSTS