ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਬੈਂਕਿੰਗ ਜਾਣਕਾਰੀ ਨੂੰ ਕਥਿਤ ਤੌਰ ‘ਤੇ ਇੱਕ ਅਪਰਾਧਕ ਸਾਜ਼ਿਸ਼ ਤਹਿਤ ਦੇਖਣ ਦੇ ਮਾਮਲੇ ਵਿਚ, ਓਟਵਾ ‘ਚ ਰੌਇਲ ਬੈਂਕ ਆਫ ਕੈਨੇਡਾ (ਆਰਬੀਸੀ) ਦੇ ਇੱਕ ਮੁਲਾਜ਼ਮ ਨੂੰ ਆਰਸੀਐੱਮਪੀ ਨੇ ਚਾਰਜ ਕੀਤਾ ਹੈ।
ਆਰਸੀਐੱਮਪੀ ਨੇ ਬੁੱਧਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ ਕਿ ਇਬਰਾਹੀਮ ਅਲ-ਹਾਕਿਮ (23) ਨੂੰ ਫ਼ਰਾਡ (5,000 ਡਾਲਰ ਤੋਂ ਵੱਧ), ਕੰਪਿਊਟਰ ਦੀ ਗਲਤ ਵਰਤੋਂ, ਪਛਾਣ ਚੋਰੀ ਅਤੇ ਪਛਾਣ ਸਬੰਧੀ ਜਾਣਕਾਰੀ ਦੀ ਤਸਕਰੀ ਦੇ ਦੋਸ਼ਾਂ ‘ਚ ਚਾਰਜ ਕੀਤਾ ਗਿਆ ਹੈ।
ਪੁਲਿਸ ਵਲੋਂ ਕੰਪਿਊਟਰ ਡਾਟਾ ਸੰਭਾਲ ਕੇ ਰੱਖਣ ਲਈ ਫਾਈਲ ਕੀਤੇ ਹਲਫ਼ਨਾਮੇ ਅਨੁਸਾਰ, ਅਲ-ਹਾਕਿਮ, ਜੋ 2022 ਵਿਚ ਨੌਕਰੀ ‘ਤੇ ਰੱਖਿਆ ਗਿਆ ਸੀ ਅਤੇ ਪਾਰਲੀਮੈਂਟ ਹਿੱਲ ਦੇ ਨੇੜਲੇ ਬ੍ਰਾਂਚ ‘ਚ ਕੰਮ ਕਰਦਾ ਸੀ, ਉਸ ‘ਤੇ ਦੋਸ਼ ਹੈ ਕਿ ਉਸਨੇ ਅਪਰਾਧਕ ਉਦੇਸ਼ ਲਈ ਬੈਂਕ ਦੇ ਆਈਟੀ ਸਿਸਟਮ ਦੀ ਵਰਤੋਂ ਕਰਕੇ ਕਈ ਲੋਕਾਂ ਦੇ ਖਾਤੇ ਗ਼ੈਰਕਾਨੂੰਨੀ ਤੌਰ ‘ਤੇ ਫਰੋਲ ਕੇ ਧੋਖਾਧੜੀ ਕੀਤੀ ਹੈ। ਅਦਾਲਤੀ ਦਸਤਾਵੇਜ਼ ਅਨੁਸਾਰ ਅਲ-ਹਾਕਿਮ ਨੇ ਜਸਟਿਨ ਟਰੂਡੋ ਦੀ ਬੈਂਕਿੰਗ ਪ੍ਰੋਫ਼ਾਈਲ ਵੀ ਫਰੋਲੀ ਸੀ, ਪਰ ਪੁਲਿਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਪ੍ਰੋਫ਼ਾਈਲ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੀ ਜਾਂ ਇਸੇ ਨਾਮ ਦੇ ਕਿਸੇ ਹੋਰ ਵਿਅਕਤੀ ਦੀ ਸੀ। ਉਸਦੇ ਕਈ ਕੰਮਾਂ ਦੀ ਵੀਡੀਓ ਰਿਕਾਰਡਿੰਗ ਹੋਈ ਹੈ ਅਤੇ ਉਸਨੇ ਇਹ ਗੱਲਾਂ ਬੈਂਕ ਦੀ ਅੰਦਰੂਨੀ ਸੁਰੱਖਿਆ ਟੀਮ ਨੂੰ ਦਿੱਤੇ ਇੰਟਰਵਿਊ ‘ਚ ਕਬੂਲ ਵੀ ਕੀਤੀਆਂ। ਅਲ-ਹਾਕਿਮ ਨੇ ਦੱਸਿਆ ਕਿ ਉਸਨੂੰ ਇੱਕ ਵਿਅਕਤੀ ਵਲੋਂ ਟੈਲੀਗਰਾਮ ‘ਤੇ ਸੰਪਰਕ ਕਰਕੇ ਇਸ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ। ਹਲਫ਼ਨਾਮੇ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਇਹ ਖਾਤਾ ਕਿਸੇ ਸੰਗਠਿਤ ਅਪਰਾਧ ਗਰੁੱਪ ਨਾਲ ਜੁੜਿਆ ਹੋਇਆ ਹੈ। ਅਲ-ਹਾਕਿਮ ਨੇ ਕਿਹਾ ਕਿ ਉਹ ਉਸ ਵਿਅਕਤੀ ਦੇ ਕਹਿਣ ‘ਤੇ ਨਕਲੀ ਬੈਂਕ ਖਾਤੇ ਬਣਾਉਂਦਾ ਸੀ ਅਤੇ ਲਾਈਨ ਆਫ਼ ਕ੍ਰੈਡਿਟ ਦਵਾਉਂਦਾ ਸੀ। ਉਸਨੇ ਇਹ ਵੀ ਕਿਹਾ ਕਿ ਉਸਨੂੰ ਹਰ ਕੰਮ ਦੇ 500 ਡਾਲਰ ਮਿਲਦੇ ਸਨ ਅਤੇ ਉਹ ਕਰੀਬ 5 ਹਜ਼ਾਰ ਡਾਲਰ ਕਮਾ ਚੁੱਕਾ ਸੀ।
ਹਲਫ਼ਨਾਮੇ ‘ਚ ਇਹ ਵੀ ਦਰਜ ਹੈ ਕਿ ਉਸਨੇ 17 ਜੂਨ ਨੂੰ ਮਾਰਕ ਕਾਰਨੀ ਅਤੇ ਜਸਟਿਨ ਟਰੂਡੋ ਦੇ ਬੈਂਕ ਪ੍ਰੋਫਾਈਲ ਵੀ ਖੋਲ੍ਹੇ ਸਨ। ਆਰਸੀਐੱਮਪੀ ਨੇ ਉਸਨੂੰ 10 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ‘ਚ ਸ਼ਰਤਾਂ ‘ਤੇ ਰਿਹਾਅ ਕਰ ਦਿੱਤਾ।

